ਨਿਊਯਾਰਕ: ਸਮਾਰਟਫ਼ੋਨ ਬਣਾਉਣ ਵਾਲੀ ਚੀਨੀ ਕੰਪਨੀ ਵਨ ਪਲੱਸ ਨੇ ਬੀਤੇ ਕੱਲ੍ਹ ਆਪਣੇ ਨਵੇਂ ਸਮਾਰਟਫ਼ੋਨ ਵਨ ਪਲੱਸ 5T ਨੂੰ ਲੌਂਚ ਕਰ ਦਿੱਤਾ ਹੈ। ਵਨ ਪਲੱਸ 5T ਨੂੰ ਨਿਊਯਾਰਕ ਵਿੱਚ ਵੱਡੇ ਲੌਂਚ ਸਮਾਗਮ ਵਿੱਚ ਜਾਰੀ ਕੀਤਾ ਗਿਆ। ਵਨ ਪਲੱਸ ਦੇ ਪ੍ਰਸ਼ੰਸਕਾਂ ਲਈ ਇੱਕ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਇਸ ਫ਼ੋਨ ਦੀ ਕੀਮਤ ਵਨ ਪਲੱਸ 5 ਦੇ ਬਰਾਬਰ ਹੀ ਰੱਖੀ ਗਈ ਹੈ। ਇਹ ਉਨ੍ਹਾਂ ਲੋਕਾਂ ਲਈ ਵੀ ਚੰਗੀ ਖ਼ਬਰ ਹੈ ਜੋ ਹਾਲ ਹੀ ਵਿੱਚ ਆਪਣੇ ਫ਼ੋਨ ਨੂੰ ਬਦਲਣ ਬਾਰੇ ਸੋਚ ਰਹੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਵਨ ਪਲੱਸ 5T ਵਿੱਚ ਕੀ-ਕੀ ਨਵਾਂ ਹੈ।
ਇਹ ਦੌਰ ਹੁਣ ਬੇਜ਼ਲ-ਲੈੱਸ ਭਾਵ ਸਕਰੀਨ ਨੂੰ ਫਿੱਟ ਕਰਨ ਵਾਲੀਆਂ ਉੱਪਰ ਤੇ ਹੇਠਲੀਆਂ ਪੱਟੀਆਂ ਤੋਂ ਰਹਿਤ ਸਮਾਰਟਫ਼ੋਨਾਂ ਦਾ ਹੈ ਪਰ ਵਨ ਪਲੱਸ 5T ਵਿੱਚ ਇਹ ਬੇਜ਼ਲਜ਼ ਨਾ ਦੇ ਬਰਾਬਰ ਹੀ ਹਨ। ਹੁਣ, ਵਨ ਪਲੱਸ 5T ਵਿੱਚ 6.01 ਇੰਚ ਦੀ ਫੁੱਲ ਐਚ.ਡੀ. ਡਿਸਪਲੇਅ ਆਵੇਗੀ ਤੇ ਇਸ ਦਾ ਅਨੁਪਾਤ ਵੀ 18:9 ਦਿੱਤਾ ਗਿਆ ਹੈ।
ਵਨ ਪਲੱਸ 5T ਵਿੱਚ ਵੀ ਵਨ ਪਲੱਸ 5 ਵਾਂਗ ਡੂਅਲ ਕੈਮਰਾ ਆਵੇਗਾ ਪਰ ਇਸ ਵਿੱਚ ਤਬਦੀਲੀ ਕੀਤੀ ਗਈ ਹੈ। ਪਹਿਲਾਂ ਇਸ ਫ਼ੋਨ ਵਿੱਚ ਟੈਲੀਫ਼ੋਟੋ ਭਾਵ ਦੂਰ ਤਕ ਮਾਰ ਕਰਨ ਵਾਲਾ ਲੈਂਸ ਹੁੰਦਾ ਸੀ ਜਿਸ ਦੀ ਥਾਂ 'ਤੇ ਹੁਣ ਵਾਈਡ ਐਂਗਲ ਲੈਂਸ ਦਿੱਤਾ ਗਿਆ ਹੈ ਜੋ ਵਧੇਰੇ ਖੇਤਰ ਨੂੰ ਤਸਵੀਰ ਵਿੱਚ ਕੈਦ ਕਰਨ ਦੇ ਸਮਰੱਥ ਹੋਵੇਗਾ।
ਵਨ ਪਲੱਸ 5T ਦਾ ਕੈਮਰਾ ਹੁਣ ਰੋਸ਼ਨੀ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋ ਗਿਆ ਹੈ। ਇਸ ਵਿੱਚ ਦੋਵੇਂ ਕੈਮਰਿਆਂ, ਅਗਲੇ ਤੇ ਪਿਛਲੇ ਲੈਂਸ ਦਾ ਅਪਰਚਰ f1.7 ਹੋਵੇਗਾ, ਇਸ ਦਾ ਮਤਲਬ ਘੱਟ ਰੋਸ਼ਨੀ ਵਿੱਚ ਵਧੀਆ ਤਸਵੀਰ ਮਿਲੇਗੀ। ਵਨ ਪਲੱਸ 5T ਦਾ ਅਗਲਾ ਕੈਮਰਾ 20 ਮੈਗਾਪਿਕਸਲ ਤੇ ਪਿਛਲੇ ਕੈਮਰੇ ਦੇ ਲੈਂਸ 16 ਮੈਗਾਪਿਕਸਲ ਦੇ ਹੋਣਗੇ, ਜਿਨ੍ਹਾਂ ਦੀ ਜੋੜੀ ਡੂਅਲ ਐਲ.ਈ.ਡੀ. ਫਲੈਸ਼ ਨਾਲ ਬਣਾਈ ਗਈ ਹੈ।
ਇਹ ਫ਼ੋਨ ਵੀ ਵਨ ਪਲੱਸ 5 ਵਾਂਗ ਦੋ ਰੈਮ ਤੇ ਮੈਮੋਰੀ ਵੇਰੀਐਂਟ ਵਿੱਚ ਆਵੇਗਾ। 6ਜੀ.ਬੀ. ਰੈਮ ਨਾਲ 64ਜੀ.ਬੀ. ਸਟੋਰੇਜ ਵਾਲੇ ਫ਼ੋਨ ਦੀ ਕੀਮਤ 32,999 ਹੋਵੇਗੀ ਜਦਕਿ 8ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਸਟੋਰੇਜ ਵਾਲੇ ਫ਼ੋਨ ਦੀ ਕੀਮਤ 37,999 ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ 8 ਜੀ.ਬੀ. ਰੈਮ ਦੂਜੇ ਮਾਡਲ ਦੇ ਮੁਕਾਬਲੇ ਜ਼ਿਆਦਾ ਤਾਕਤਵਰ ਵੀ ਹੋਵੇਗੀ।
ਵਨ ਪਲੱਸ 5T ਵਿੱਚ ਇੱਕ ਹੋਰ ਤਬਦੀਲੀ ਕੀਤੀ ਗਈ ਹੈ। ਬੇਜ਼ੈਲ ਘੱਟ ਕਰਨ ਲਈ ਕੰਪਨੀ ਨੇ ਫਿੰਗਰ ਪ੍ਰਿੰਟ ਸੈਂਸਰ ਨੂੰ ਪਿਛਲੇ ਪਾਸੇ ਕਰ ਦਿੱਤਾ ਹੈ। ਇਸ ਤੋਂ ਇਲਾਵਾ ਇਸ ਫ਼ੋਨ ਵਿੱਚ ਤੁਹਾਡੇ ਚਿਹਰੇ ਦੀ ਪਛਾਣ ਕਰ ਕੇ ਜਿੰਦਰਾ ਖੋਲ੍ਹਣ ਭਾਵ ਅਨਲੌਕ ਕਰਨ ਦੀ ਸੁਵਿਧਾ ਦਿੱਤੀ ਗਈ ਹੈ। ਵਨ ਪਲੱਸ 5T ਨੂੰ ਸਨੈਪਡ੍ਰੈਗਨ 835 ਪ੍ਰੋਸੈੱਸਰ ਚਲਾਏਗਾ ਤੇ ਫ਼ੋਨ ਨੂੰ 3300 mAh ਬੈਟਰੀ ਤਾਕਤ ਦੇਵੇਗੀ। ਫ਼ੋਨ ਵਿੱਚ 2 ਸਿੰਮ ਦੀ ਸੁਵਿਧਾ ਉਵੇਂ ਹੀ ਬਰਕਰਾਰ ਹੈ।
ਵਨ ਪਲੱਸ 5T ਫਿਲਹਾਲ ਮਿਡਨਾਈਟ ਬਲੈਕ ਭਾਵ ਕਾਲੇ ਰੰਗ ਵਿੱਚ ਹੀ ਜਾਰੀ ਕੀਤਾ ਜਾਵੇਗਾ। ਕੰਪਨੀ ਭਵਿੱਖ ਵਿੱਚ ਇਸ ਦੇ ਹੋਰ ਰੰਗ ਜਾਰੀ ਕਰਨ ਬਾਰੇ ਵੀ ਸੋਚ ਸਕਦੀ ਹੈ। ਭਾਰਤ ਵਿੱਚ ਇਹ ਫ਼ੋਨ ਅਮੇਜ਼ਨ ਮੁਹੱਈਆ ਕਰਵਾਏਗੀ ਤੇ ਇਸ ਦੀ ਪਹਿਲੀ ਵਿਕਰੀ 21 ਨਵੰਬਰ ਨੂੰ ਹੋਵੇਗੀ ਤੇ ਖੁੱਲ੍ਹੀ ਵਿਕਰੀ 28 ਨਵੰਬਰ ਤੋਂ ਸ਼ੁਰੂ ਕੀਤੀ ਜਾਵੇਗੀ।