ਨਵੀਂ ਦਿੱਲੀ: ਓਪੋ ਨੇ ਆਪਣੇ ਸਭ ਤੋਂ ਮਹਿੰਗੇ ਸਮਾਰਟਫ਼ੋਨ ਫਾਈਂਡ ਐਕਸ ਨੂੰ ਅੱਜ ਪੈਰਿਸ ਵਿੱਚ ਲੌਂਚ ਕਰ ਦਿੱਤਾ। ਜਾਰੀ ਕਰਨ ਤੋਂ ਬਾਅਦ ਕੰਪਨੀ ਨੇ ਲੈਂਬੋਰਗ਼ਿਨੀ ਲਿਮਿਟਿਡ ਐਡੀਸ਼ਨ ਨੂੰ ਵੀ ਲੌਂਚ ਕਰ ਦਿੱਤਾ। ਓਪੋ ਫਾਈਂਡ ਐਕਸ ਗਲਾਸ ਰੀਅਰ ਪੈਨਲ ਨਾਲ ਆਉਂਦਾ ਹੈ ਤਾਂ ਉੱਥੇ ਹੀ ਲੈਂਬੋਰਗ਼ਿਨੀ ਲਿਮਿਟਿਡ ਐਡੀਸ਼ਨ ਵਿੱਚ ਕਲਾਸਿਕ ਕਾਰਬਨ ਫਾਈਬਰ ਟੈਕਸਚਰਡ ਬੈਕ ਦਿੱਤਾ ਗਿਆ ਹੈ, ਜਿਸ 'ਤੇ ਲੈਂਬੋਰਗ਼ਿਨੀ ਕਾਰ ਦਾ 3D ਲੋਗੋ ਬਣਿਆ ਹੋਇਆ ਹੈ।
ਲੈਂਬੋਰਗ਼ਿਨੀ ਲਿਮਿਟਿਡ ਐਡੀਸ਼ਨ ਸਿਰਫ਼ ਇੱਕ ਮਾਡਲ ਵਿੱਚ ਆਉਂਦਾ ਹੈ ਜੋ 512 ਜੀਬੀ ਸਟੋਰੇਜ ਸਮਰੱਥਾ ਨਾਲ ਆਉਂਦਾ ਹੈ। ਕੰਪਨੀ ਨੇ ਇਸ ਫ਼ੋਨ ਦੀ ਕੀਮਤ 1,34,470 ਰੁਪਏ ਰੱਖੀ ਹੈ। ਇਹ ਸਮਾਰਟਫ਼ੋਨ ਐਪਲ iPhone X ਦੇ 256 ਜੀਬੀ ਮਾਡਲ ਤੋਂ ਵੀ ਮਹਿੰਗਾ ਹੈ, ਜਿਸ ਦੀ ਕੀਮਤ ਤਕਰੀਬਨ 1,03,333 ਰੁਪਏ ਹੈ।
ਜੇਕਰ ਇਸ ਫ਼ੋਨ ਦੀਆਂ ਸਪੈਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ ਫ਼ੋਨ ਵਿੱਚ 93.8 ਫ਼ੀ ਸਦੀ ਸਕ੍ਰੀਨ ਟੂ ਬਾਡੀ ਰੇਸ਼ੋ ਹੈ। ਸਮਾਰਟਫ਼ੋਨ ਵਿੱਚ 6.4 ਇੰਚ ਦਾ OLED HD+ ਡਿਸਪਲੇਅ ਹੈ ਜੋ 1080x2340 ਪਿਕਸਲ ਰੈਜ਼ੋਲਿਊਸ਼ਨ ਨਾਲ ਆਉਂਦਾ ਹੈ। ਫ਼ੋਨ 'ਚ ਕੌਰਨਿੰਗ ਗੋਰਿੱਲਾ ਗਲਾਸ ਦਿੱਤਾ ਗਿਆ ਹੈ ਤੇ ਕੁਆਲਕੌਮ ਦਾ ਸਨੈਪਡ੍ਰੈਗਨ 845 ਪ੍ਰੋਸੈਸਰ ਤੇ ਐਂਡ੍ਰੌਇਡ ਆਪ੍ਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ।
ਹੈਂਡਸੈੱਟ ਵਿੱਚ 8 ਜੀਬੀ ਦਾ ਰੈਮ ਦਿੱਤਾ ਗਿਆ ਹੈ ਜੋ 256 ਜੀਬੀ ਤੇ 512 ਜੀਬੀ ਵੇਰੀਐਂਟ ਵਿੱਚ ਆਉਂਦਾ ਹੈ। ਫ਼ੋਨ ਵਿੱਚ 3730mAh ਦੀ ਬੈਟਰੀ ਹੈ ਜੋ VOOC ਚਾਰਜਿੰਗ ਤਕਨੀਤ ਨਾਲ ਕੰਮ ਕਰਦੀ ਹੈ ਤੇ 35 ਮਿੰਟਾਂ ਵਿੱਚ ਫ਼ੋਨ ਪੂਰਾ ਚਾਰਜ ਕਰ ਦਿੰਦਾ ਹੈ। ਇਸ ਸਮਾਰਟਫ਼ੋਨ ਵਿੱਚ ਫਿੰਗਰਪ੍ਰਿੰਟ ਸਕੈਨਰ ਦੇ ਨਾਲ ਨਾਲ 3D ਫੇਸ਼ੀਅਲ ਰਿਕੋਗਨਿਸ਼ਨ ਦਿੱਤੀ ਗਈ ਹੈ। ਓਪੋ ਫਾਈਂਡ ਐਕਸ ਵਿੱਚ 16+20 ਮੈਗਾਪਿਕਸਲ ਡਬਲ ਕੈਮਰਾ ਦਿੱਤਾ ਗਿਆ ਹੈ ਤੇ 25 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।