ਨਵੀਂ ਦਿੱਲੀ:  ਟੈਲੀਕਾਮ ਕੰਪਨੀ ਰਿਲਾਇੰਸ ਜੀਓ ਤੇ ਮੌਜੂਦਾ ਆਪਰੇਟਰਾਂ ਵਿੱਚ ਕਨੈਕਟੀਵਿਟੀ ਦੇ ਮੁੱਦੇ 'ਤੇ ਵਿਵਾਦ ਜਾਰੀ ਹੈ। ਇਸ ਸਭ ਦੇ ਵਿਚਕਾਰ ਪਬਲਿਕ ਸੈਕਟਰ ਦੀ ਕੰਪਨੀ ਬੀ.ਐਸ.ਐਨ.ਐਲ. ਨੇ ਕਿਹਾ ਹੈ ਕਿ ਉਸ ਨੇ ਰਿਲਾਇੰਸ ਜੀਓ ਨੂੰ ਜ਼ਰੂਰੀ ਇੰਟਰਨੈੱਟ ਪੁਆਇੰਟ ਮੁਹੱਇਆ ਕਰਵਾਏ ਹਨ ਤੇ ਜ਼ਰੂਰਤ ਦੇ ਹਿਸਾਬ ਨਾਲ ਇਸ ਨੂੰ ਵਧਾਇਆ ਵੀ ਜਾ ਸਕਦਾ ਹੈ। ਬੀ.ਐਸ.ਐਨ.ਐਲ. ਦੇ ਚੇਅਰਮੈਨ ਤੇ ਪ੍ਰਬੰਧਕ ਨਿਦੇਸ਼ਕ ਅਨੁਪਮ ਸ਼੍ਰੀਵਾਸਤਵ ਨੇ ਕਿਹਾ ਕਿ ਜੀਓ ਵੱਲੋਂ ਪੁਆਇੰਟ ਆਫ ਇੰਟਰਕਨੈਕਸ਼ਨ ਦੀ ਸ਼ਕਤੀ ਵਧਾਉਣ ਲਈ ਕੋਈ ਨਵੀਂ ਅਪੀਲ ਨਹੀਂ ਆਈ ਹੈ। ਜੇਕਰ ਉਹ ਇਸ ਬਾਰੇ ਪੁੱਛਗਿੱਛ ਕਰਦੇ ਹਨ ਤਾਂ ਅਸੀਂ ਇਸ ਦੀ ਸ਼ਕਤੀ ਵਧਾ ਸਕਦੇ ਹਾਂ।


ਉਨ੍ਹਾਂ ਕਿਹਾ,'ਅਸੀਂ ਜੀਓ ਨੂੰ ਪੂਰਾ ਇੰਟਰਕਨੈਕਟ ਪੁਆਇੰਟ ਉਪਲਬਧ ਕਰਵਾਏ ਹਨ। ਜੀਓ ਇੱਥੇ ਵਾਈਸ ਕਾਲ ਮੁਫ਼ਤ ਦੇ ਰਹੀ ਹੈ, ਪਰ ਜਦਕਿ ਇਹ ਕਾਲਸ ਬੀ.ਐਸ.ਐਨ.ਐਲ. ਦੇ ਨੈੱਟਵਰਕ 'ਤੇ ਆਉਂਦੀ ਹੈ ਤਾਂ ਸਾਨੂੰ ਇੰਟਰਕਨੈਕਟੀਵਿਟੀ ਚਾਰਜ਼ ਵਜੋਂ 14 ਪੈਸੇ ਮਲਿਦੇ ਹਨ। ਅਜਿਹੇ ਵਿੱਚ ਇਹ ਸਾਡੇ ਲਈ ਵਪਾਰਕ ਤੌਰ 'ਤੇ ਫਾਇਦੇਮੰਦ ਹੈ।' ਦੁਰਸੰਚਾਰ ਨੈਟਵਰਕ ਦੇ ਲਈ ਇੰਟਰਕਨੈਕਸ਼ਨ ਅਹਿਮ ਹੈ ਕਿਉਂਕਿ ਇਸ ਨਾਲ ਮੋਬਾਈਲ ਗਾਹਕ ਹੋਰ ਆਪਰੇਟਰਾਂ ਦੇ ਉਪਭੋਗਤਾਵਾਂ ਨੂੰ ਕਾਲ ਕਰ ਸਕਦੇ ਹਨ। ਮੋਬਾਈਲ ਆਪਰੇਟਰ ਤੋਂ ਹਰ ਇਨਕਮਿੰਗ ਕਾਲ ਦੇ ਲਈ ਇੰਟਰਕਨੈਕਸ਼ਨ ਚਾਰਜ ਲਿਆ ਜਾਂਦਾ ਹੈ।

ਬੀ.ਐਸ.ਐਨ.ਐਲ. ਨੇ ਜੂਨ 2016 ਵਿੱਚ 13.02 ਲੱਖ ਨਵੇਂ ਵਾਇਰਲੇਸ ਗਾਹਕ ਜੋੜੇ। ਭਾਰਤੀ ਏਅਰਟੇਲ ਤੋਂ ਬਾਅਦ ਇਹ ਆਂਕੜਾ ਸਭ ਤੋਂ ਵੱਧ ਹੈ। ਕੰਪਨੀ ਨੇ ਕਿਹਾ ਹੈ ਕਿ  ਜਿਓ ਦੇ ਆਉਣ ਵਾਲੇ ਟਰੈਫਿਕ ਦੀ ਵਜ੍ਹਾ ਨਾਲ ਉਸ ਦੇ ਆਪਣੇ ਨੈਟਵਰਕ 'ਤੇ ਕਾਲ ਜਾਮ ਹੋਣ ਜਿਹੀਂ ਸਥਿਤੀ ਵੇਖਣ ਨੂੰ ਨਹੀਂ ਮਿਲੀ ਹੈ।