ਨਵੀਂ ਦਿੱਲੀ: ਐਪਲ ਦਾ ਪ੍ਰਦਰਸ਼ਨ ਦਿਨ-ਬ-ਦਿਨ ਲਗਾਤਾਰ ਹੇਠ ਡਿੱਗਦਾ ਜਾ ਰਿਹਾ ਹੈ। ਇਸ ਦਾ ਸਿੱਧਾ ਅਸਰ ਐਪਲ ਦੀ ਸੇਲ ‘ਤੇ ਪੈ ਰਿਹਾ ਹੈ। ਕੰਪਨੀ ਨੂੰ ਪਹਿਲਾਂ ਹੀ ਚੀਨ ਤੇ ਭਾਰਤ ਤੋਂ ਝਟਕਾ ਲੱਗ ਗਿਆ ਹੈ। ਇਸ ਤੋਂ ਬਾਅਦ ਕੰਪਨੀ ਹੁਣ 12 ਸਾਲ ‘ਚ ਦੂਜੀ ਵਾਰ ਆਈਫੋਨ ਦੀਆਂ ਕੀਮਤਾਂ ‘ਚ ਕਮੀ ਕਰਨ ਜਾ ਰਹੀ ਹੈ। ਇਸ ਦਾ ਕਾਰਨ ਹੈ ਕਿ ਡਾਲਰ ਦੇ ਮੁਕਾਬਲੇ ਦੂਜੀਆ ਕਰੰਸੀਆਂ ‘ਚ ਕਮਜ਼ੋਰੀ ਆਈ ਹੈ।
ਐਪਲ ਦੇ ਸੀਈਓ ਟਿੱਮ ਕੁੱਕ ਨੇ ਮੰਗਲਵਾਰ ਨੂੰ ਕੰਪਨੀ ਦੀ ਇਸ ਯੋਜਨਾ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ 2007 ‘ਚ ਆਈਫੋਨ ਦੀਆਂ ਕੀਮਤਾਂ ’ਚ ਕਮੀ ਆਈ ਸੀ ਪਰ ਐਪਲ ਵੱਲੋਂ ਅਜੇ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਕਿਹੜੇ ਆਈਫੋਨ ਦੀਆਂ ਕੀਮਤਾਂ ‘ਚ ਕਮੀ ਕੀਤੀ ਜਾਵੇਗੀ।
ਚੀਨ ਦੇ ਸੇਲਰਸ ਨੇ ਪਹਿਲਾਂ ਹੀ ਆਈਫੋਨ ਦੀਆਂ ਕੀਮਤਾਂ ‘ਚ ਕਮੀ ਕਰ ਦਿੱਤੀ ਹੈ। ਕੰਪਨੀ ਨੇ ਸਤੰਬਰ ‘ਚ ਲੌਂਚ ਆਪਣੇ ਫਲੈਗਸ਼ਿਪ ਫੋਨ ਆਈਫੋਨ ਐਕਸਐਸ ਦੀ ਕੀਮਤ 999 ਡਾਲਰ ਰੱਖੀ ਸੀ। ਕੰਪਨੀ ਦੀ ਇਹ ਪਲਾਨਿੰਗ ਅਮਰੀਕਾ ‘ਚ ਕਾਮਯਾਬ ਰਹੀ ਪਰ ਚੀਨ, ਭਾਰਤ ਤੇ ਤੁਰਕੀ ‘ਚ ਘਰੇਲੂ ਕਰੰਸੀ ਦੀ ਕਮਜ਼ੋਰੀ ਕਰਕੇ ਇਹ ਨਾਕਾਮਯਾਬ ਹੋਈ।
ਮੰਗਲਵਾਰ ਨੂੰ ਕੁੱਕ ਨੇ ਕਿਹਾ ਕਿ ਐਪਲ ਦੁਨੀਆ ਦੇ ਕਈ ਬਾਜ਼ਾਰਾਂ ‘ਚ ਆਪਣੇ ਫੋਨ ਦੀ ਕੀਮਤਾਂ ਨੂੰ ਐਡਜਸਟ ਕਰਨ ਵਾਲੀ ਹੈ। ਕਿਹਾ ਜਾ ਸਕਦਾ ਹੈ ਕਿ ਮਹਿੰਗੇ ਆਈਫੋਨ ਦਾ ਬੋਝ ਹੁਣ ਕੰਪਨੀ ਚੁੱਕੇਗੀ।