ਚੰਡੀਗੜ੍ਹ: ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਇੱਕ ਵਾਰ ਫਿਰ ਰਿਲਾਇੰਸ ਜੀਓ ਨੂੰ ਟੱਕਰ ਦੇਣ ਲਈ ਤਿਆਰ ਹੈ। ਜੀਓ ਨੂੰ ਟੱਕਰ ਦੇਣ ਲਈ ਏਅਰਟੈੱਲ ਕੰਪਨੀ ਨਵਾਂ 4ਜੀ ਸਮਾਰਟ ਫ਼ੋਨ ਲਾਂਚ ਕਰਨ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਦੀਵਾਲੀ ਤੱਕ ਆਪਣੇ ਇਸ ਸਮਾਰਟਫ਼ੋਨ ਨੂੰ ਬਾਜ਼ਾਰ 'ਚ ਪੇਸ਼ ਕਰੇਗੀ। ਇਸ ਦੀ ਕੀਮਤ 2,500 ਰੁਪਏ ਹੋਣ ਦੀ ਉਮੀਦ ਹੈ। ਫ਼ੋਨ 'ਚ ਬਹੁਤ ਸਾਰਾ ਡੇਟਾ ਤੇ ਵਾਇਸ ਮਿੰਟ ਵੀ ਨਾਲ ਦਿੱਤੇ ਜਾਣਗੇ।
ਹਾਸਲ ਜਾਣਕਾਰੀ ਮੁਤਾਬਕ ਏਅਰਟੈੱਲ ਅਕਤੂਬਰ ਦੀ ਸ਼ੁਰੂਆਤ 'ਚ ਜਾਂ ਫਿਰ ਸਤੰਬਰ ਦੇ ਅੰਤ ਤੱਕ ਇਸ ਫ਼ੋਨ ਨੂੰ ਪੇਸ਼ ਕਰ ਸਕਦੀ ਹੈ। ਉੱਥੇ ਹੀ ਏਅਰਟੈੱਲ ਦੂਜੀਆਂ ਫ਼ੋਨ ਨਿਰਮਾਤਾ ਕੰਪਨੀਆਂ ਨਾਲ 4ਜੀ ਫ਼ੋਨ ਨੂੰ ਪੇਸ਼ ਕਰਨ ਲਈ ਗੱਲਬਾਤ ਕਰ ਰਹੀ ਹੈ। ਇਹ ਸਮਾਰਟਫ਼ੋਨ ਐਂਡਰਾਇਡ ਆਪਰੇਟਿੰਗ ਸਿਸਟਮ ਬੇਸਡ ਹੋਵੇਗਾ। ਏਅਰਟੈੱਲ ਇਸ ਫ਼ੋਨ 'ਚ ਯੂਜ਼ਰ ਨੂੰ ਗੂਗਲ ਪਲੇਅ ਸਟੋਰ ਤੋਂ ਐਪਸ ਡਾਊਨਲੋਡ ਕਰਨ ਦੀ ਮਨਜ਼ੂਰੀ ਵੀ ਪ੍ਰਦਾਨ ਕਰੇਗੀ।
ਏਅਰਟੈੱਲ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਏਅਰਟੈੱਲ ਇਸ 4ਜੀ ਸਮਾਰਟ ਫ਼ੋਨ ਲਈ ਕੁਝ ਹੈਂਡਸੈੱਟ ਨਿਰਮਾਤਾਵਾਂ ਨਾਲ ਗੱਲਬਾਤ ਕਰ ਰਹੀ ਹੈ। ਫ਼ੋਨ ਨੂੰ ਵੱਡੀ ਸਕਰੀਨ, ਬਿਹਤਰ ਕੈਮਰਾ ਤੇ ਦਮਦਾਰ ਬੈਟਰੀ ਬੈਕਅਪ ਨਾਲ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਦੇ ਫ਼ੀਚਰ ਦੂਜੇ ਆਮ ਫ਼ੋਨ ਦੇ ਮੁਕਾਬਲੇ ਬਿਹਤਰ ਹੋਣਗੇ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਏਅਰਟੈੱਲ ਦਾ ਸਮਾਰਟ ਫ਼ੋਨ ਬਾਜ਼ਾਰ 'ਚ ਆ ਜਾਂਦਾ ਹੈ, ਤਾਂ ਇਹ ਜੀਓ ਫ਼ੋਨ ਤੋਂ ਬਿਹਤਰ ਸਾਬਤ ਹੋ ਸਕਦਾ ਹੈ।