ਨਵੀਂ ਦਿੱਲੀ: ਯੂਸੀ ਬ੍ਰਾਊਜ਼ਰ ਨੂੰ ਗੂਗਲ ਪਲੇਅ ਸਟੋਰ ਤੋਂ ਕਥਿਤ ਤੌਰ 'ਤੇ ਹਟਾ ਦਿੱਤਾ ਗਿਆ ਹੈ। ਰਾਤੋ-ਰਾਤ ਗੂਗਲ ਨੇ ਭਾਰਤ 'ਚ ਸਭ ਤੋਂ ਪ੍ਰਸਿੱਧ ਬ੍ਰਾਊਜ਼ਰ ਨੂੰ ਐਪ ਸਟੋਰ ਤੋਂ ਹਟਾ ਦਿੱਤਾ ਹੈ। ਇਹ ਐਪ ਭਾਰਤ 'ਚ ਸਭ ਤੋਂ ਜ਼ਿਆਦਾ ਡਾਊਨਲੋਡ ਹੋਣ ਵਾਲਾ ਐਪ ਹੈ। ਹਾਲ ਹੀ 'ਚ ਇਸ ਨੇ ਪਲੇਅ ਸਟੋਰ 'ਤੇ 50 ਕਰੋੜ ਡਾਊਨਲੋਡ ਦਾ ਅੰਕੜਾ ਪਾਰ ਕੀਤਾ ਹੈ ਪਰ ਯੂਸੀ ਬ੍ਰਾਊਜ਼ਰ ਮਿਨੀ ਪਲੇਅ ਸਟੋਰ 'ਤੇ ਉਪਲਬਧ ਹੈ।


ਯੂਸੀ ਬ੍ਰਾਊਜ਼ਰ ਚੀਨ ਦੀ ਮੰਨੀ ਪ੍ਰਮੰਨੀ ਕੰਪਨੀ ਅਲੀਬਾਬਾ ਦੀ ਬ੍ਰਾਊਜ਼ਰ ਹੈ। ਅਜਿਹਾ ਕਰਨ ਪਿੱਛੇ ਅਲੀਬਾਬਾ ਗਰੁੱਪ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਇੱਕ ਯੂਸੀ ਬ੍ਰਾਊਜ਼ਰ ਨੇ ਟਵੀਟ ਕਰ ਪਲੇਅ ਸਟੋਰ ਤੋਂ ਅਚਾਨਕ ਬ੍ਰਾਊਜ਼ਰ ਗਾਇਬ ਹੋਣ ਦੀ ਵਜ੍ਹਾ ਦੱਸੀ ਹੈ।

ਉਨ੍ਹਾਂ ਲਿਖਿਆ ਹੈ ਕਿ ਮੈਂ ਯੂਸੀ ਬ੍ਰਾਊਜ਼ਰ 'ਚ ਕੰਮ ਕਰਦਾ ਹਾਂ ਸਵੇਰੇ ਹੀ ਮੈਨੂੰ ਮੇਲ ਮਿਲਿਆ ਜਿਸ 'ਚ ਦੱਸਿਆ ਗਿਆ ਕਿ ਯੂਸੀ ਬ੍ਰਾਊਜ਼ਰ ਨੂੰ ਪਲੇਅ ਸਟੋਰ ਤੋਂ 30 ਦਿਨਾਂ ਲਈ ਹਟਾ ਦਿੱਤਾ ਹੈ। ਅਜਿਹਾ ਇਸ ਲਈ ਹੋਇਆ ਕਿਉਂ ਕਿ ਯੂਸੀ ਨੇ ਗਲਤ ਤਰੀਕੇ ਨਾਲ ਪ੍ਰਮੋਸ਼ਨ ਕਰਕੇ ਐਪ ਦੇ ਡਾਊਨਲੋਡ ਵਧਾਏ ਹਨ।

ਇਸ ਸਾਲ ਅਗਸਤ 'ਚ ਯੂਸੀ ਬ੍ਰਾਊਜ਼ਰ 'ਤੇ ਭਾਰਤੀ ਯੂਜ਼ਰ ਦੇ ਡੇਟਾ ਚੋਰੀ ਕਰ ਚੀਨ ਦੇ ਸਰਵਾਰ 'ਤੇ ਭੇਜਣ ਦਾ ਇਲਜ਼ਾਮ ਲੱਗਿਆ ਸੀ। ਇਸ ਮਾਮਲੇ 'ਚ ਸਰਕਾਰ ਨੇ ਯੂਸੀ ਬ੍ਰਾਊਜ਼ਰ ਦੀ ਜਾਂਚ ਸ਼ੁਰੂ ਕੀਤੀ ਸੀ।