ਵਾਸ਼ਿੰਗਟਨ: ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਮੌਂਟਕਲੇਅਰ ਸ਼ਹਿਰ ਵਿੱਚ ਸੜਕ 'ਤੇ ਚਲਦਿਆਂ ਮੋਬਾਈਲ ਵਰਤਣ 'ਤੇ ਰੋਕ ਲਾ ਦਿੱਤੀ ਹੈ। ਇਸ ਰੋਕ ਵਿੱਚ ਚੈਟਿੰਗ ਦੇ ਨਾਲ-ਨਾਲ ਫ਼ੋਨ 'ਤੇ ਗੱਲ ਕਰਨ ਤੇ ਸੰਗੀਤ ਸੁਣਨ 'ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ।
ਸ਼ਹਿਰ ਪ੍ਰਸ਼ਾਸਨ ਮੁਤਾਬਕ ਮੋਬਾਈਲ ਦੀ ਵਰਤੋਂ ਕਰਨ ਵਾਲੇ ਪੈਦਲ ਰਾਹਗੀਰਾਂ ਦੀ ਸੁਰੱਖਿਆ ਲਈ ਇਹ ਫੈਸਲਾ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੈਦਲ ਚੱਲਣ ਵਾਲੇ ਆਪਣੇ ਸਮਾਰਟਫ਼ੋਨ ਵਿੱਚ ਇਸ ਤਰ੍ਹਾਂ ਗੁਆਚ ਜਾਂਦੇ ਹਨ ਜਿਵੇਂ ਉਹ ਸੜਕ ਨਹੀਂ ਬਲਕਿ ਆਪਣੇ ਬਗ਼ੀਚੇ ਵਿੱਚ ਟਹਿਲ ਰਹੇ ਹੋਣ। ਅਜਿਹੇ ਵਿੱਚ ਉਨ੍ਹਾਂ ਨਾਲ ਹਾਦਸੇ ਵਾਪਰ ਜਾਂਦੇ ਹਨ।
ਨਿਯਮ ਤੋੜਨ ਵਾਲੇ ਤੋਂ 6,600 ਰੁਪਏ ਜੁਰਮਾਨਾ ਵਸੂਲਿਆ ਜਾਵੇਗਾ। ਜੇਕਰ ਕੋਈ ਦੂਜੀ ਵਾਰ ਇਹ ਨਿਯਮ ਤੋੜਦਾ ਹੈ ਤਾਂ ਉਸ ਤੋਂ 33,000 ਰੁਪਏ ਜੁਰਮਾਨਾ ਭਰਵਾਇਆ ਜਾਵੇਗਾ। ਹਾਦਸੇ ਰੋਕਣ ਲਈ ਇਸ ਸਖ਼ਤ ਫੈਸਲੇ ਬਾਰੇ ਲੋਕਾਂ ਦੀ ਪ੍ਰਤੀਕਿਰਿਆ ਵੀ ਆਉਂਦੇ ਦਿਨਾਂ ਵਿੱਚ ਦਿੱਸ ਜਾਵੇਗੀ। ਇਸੇ ਤਰ੍ਹਾਂ ਦੀ ਪਾਬੰਦੀ ਲਾਉਣ ਦੀ ਮੰਗ ਬੀਤੇ ਸਾਲ ਕੈਨੇਡਾ ਵਿੱਚ ਵੀ ਕੀਤੀ ਗਈ ਸੀ, ਪਰ ਉੱਥੇ ਹਾਲੇ ਤਕ ਇਸ ਨੂੰ ਲਾਗੂ ਨਹੀਂ ਕੀਤਾ ਗਿਆ।