ਨਵੀਂ ਦਿੱਲੀ: ਬੀਤੇ ਦਿਨੀਂ ਭਾਰਤ, ਅਮਰੀਕਾ ਸਣੇ ਕਈ ਦੇਸ਼ਾਂ ‘ਚ ਕਰੀਬ 9 ਘੰਟੇ ਲਈ ਵ੍ਹੱਟਸਐਪ, ਫੇਸਬੁੱਕ ਤੇ ਇੰਸਟਾਗ੍ਰਾਮ ਦਾ ਸਰਵਰ ਡਾਊਨ ਰਿਹਾ। ਇਸ ਨੂੰ ਬਾਅਦ ‘ਚ ਠੀਕ ਕਰ ਲਿਆ ਗਿਆ। ਫੇਸਬੁੱਕ ਨੇ ਵੀਰਵਾਰ ਸਵੇਰੇ 5:36 ਵਜੇ ਪੋਸਟ ਕੀਤਾ, ‘ਕੁਝ ਲੋਕਾਂ ਨੂੰ ਸਾਡੇ ਪਲੇਟਫਾਰਮ ਤੇ ਐਪ ‘ਤੇ ਫੋਟੋ ਭੇਜਣ ਤੇ ਵੀਡੀਓ ਅਪਲੋਡ ਕਰਨ ‘ਚ ਪ੍ਰੇਸ਼ਾਨੀ ਆ ਰਹੀ ਸੀ। ਇਸ ਦਿੱਕਤ ਨੂੰ ਠੀਕ ਕਰ ਲਿਆ ਗਿਆ ਹੈ। ਅਸੀਂ ਇਸ ਅਸੁਵਿਧਾ ਲਈ ਮਾਫੀ ਚਾਹੁੰਦੇ ਹਾਂ। ਬੁੱਧਵਾਰ ਰਾਤ ਅੱਠ ਵਜੇ ਤੋਂ ਤਿੰਨੇ ਪਲੇਟਫਾਰਮ ਠੱਪ ਪਏ ਸੀ।


ਫੇਸਬੁੱਕ, ਵ੍ਹੱਟਸਐਪ ਤੇ ਇੰਸਟਾਗ੍ਰਾਮ ਡਾਉਨ ਹੋਣ ਨਾਲ ਦੁਨੀਆ ਦੇ ਕਰੀਬ 4.04 ਅਰਬ ਯੂਜ਼ਰਸ ਨੂੰ ਪ੍ਰੇਸ਼ਾਨੀ ਹੋਈ। ਜਦਕਿ ਸੋਸ਼ਲ ਮੀਡੀਆ ਟਵਿਟਰ ਲਗਾਤਾਰ ਕੰਮ ਕਰਦਾ ਰਿਹਾ। ਇਸ ਲਈ ਜ਼ਿਆਦਾ ਯੂਜ਼ਰਸ ਨੇ ਟਵਿਟਰ ‘ਤੇ ਆਪਣੀਆਂ ਸ਼ਿਕਾਇਤਾਂ ਲਿਖੀਆਂ ਕਿ ਨਾ ਫੋਟੋ ਡਾਉਨਲੋਡ ਹੋ ਰਹੀ ਹੈ ਤੇ ਨਾ ਵੀਡੀਓ।


ਫੇਸਬੁੱਕ ਨੇ ਰਾਤ 9:48 ਵਜੇ ‘ਤੇ ਟਵੀਟ ਕੀਤਾ ਕਿ ਸਾਨੂੰ ਇਸ ਸਮੱਸਿਆ ਦੀ ਜਾਣਕਾਰੀ ਹੈ ਤੇ ਇਸ ਨੂੰ ਜਲਦੀ ਹੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੀਤੇ ਪੰਜ ਸਾਲਾਂ ‘ਚ ਅਜਿਹਾ ਤੀਜੀ ਵਾਰ ਹੋਇਆ ਹੈ ਜਦੋਂ ਤਿੰਨੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਅਜਿਹੀ ਦਿੱਕਤ ਆਈ ਹੈ।


ਤਕਨੀਕੀ ਸਮੱਸਿਆਵਾਂ ਨੂੰ ਡਿਟੈਕਟ ਕਰਨ ਵਾਲੀ ਵੈੱਬਸਾਈਟ ਡਾਉਨਡਿਟੈਕਟਰ ਦੇ ਕੋ-ਫਾਉਂਡਰ ਟੌਮ ਸੈਂਡਰਸ ਨੇ ਦੱਸਿਆ ਕਿ 2012 ‘ਚ ਜਦੋਂ ਡਾਉਨਡਿਟੈਕਟਰ ਲੌਂਚ ਹੋਈ ਸੀ ਤਾਂ ਇਸ ਤਰ੍ਹਾਂ ਦੀ ਸਮੱਸਿਆ ਆਈ ਸੀ। ਹੁਣ ਦੀ ਦਿੱਕਤ ਟਾਈਮ ਡਿਊਟੇਸ਼ਨ ਦੇ ਹਿਸਾਬ ਨਾਲ ਸਭ ਤੋਂ ਵੱਡੀ ਹੈ। ਸਾਡੇ ਸਿਸਟਮ ਨੂੰ 75 ਲੱਖ ਸ਼ਿਕਾਇਤਾਂ ਦੀ ਰਿਪੋਰਟ ਹੁਣ ਤਕ ਮਿਲ ਚੁੱਕੀ ਹੈ।