ਨਵੀਂ ਦਿੱਲੀ: ਦੇਸ਼ ਦੀ ਪ੍ਰਮੁੱਖ ਦੂਰਸੰਚਾਰ ਕੰਪਨੀਆਂ ਵਿੱਚੋਂ ਇੱਕ ਵੋਡਾਫ਼ੋਨ ਇੰਡੀਆ ਨੇ ਪ੍ਰੀ-ਪੇਡ ਗਾਹਕਾਂ ਲਈ ਨਵਾਂ ਪਲਾਨ ਪੇਸ਼ ਕੀਤਾ ਹੈ। ਇਸ ਵਿੱਚ ਗਾਹਕ 69 ਰੁਪਏ ਵਿੱਚ ਕਿਸੇ ਵੀ ਨੈੱਟਵਰਕ 'ਤੇ ਅਸੀਮਤ ਕਾਲ ਕਰ ਸਕਣਗੇ। ਕੰਪਨੀ ਵੱਲੋਂ ਜਾਰੀ ਬਿਆਨ ਮੁਤਾਬਕ ਇਸ ਪਲਾਨ ਦੀ ਮਿਆਦ ਹਫ਼ਤੇ ਦੀ ਹੋਵੇਗੀ।

ਕੰਪਨੀ ਦਾ ਕਹਿਣਾ ਹੈ ਕਿ ਇਸ ਪਲਾਨ ਵਿੱਚ ਕਿਸੇ ਵੀ ਨੈੱਟਵਰਕ 'ਤੇ ਜਿੰਨੀਆਂ ਚਾਹੇ ਸਥਾਨਕ ਤੇ ਐਸ.ਟੀ.ਡੀ. ਕਾਲਾਂ ਕੀਤੀਆਂ ਜਾ ਸਕਦੀਆਂ ਹਨ। ਕੰਪਨੀ ਨੇ ਇਹ ਵੀ ਕਿਹਾ ਕਿ ਇਸ ਪਲਾਨ ਨੂੰ ਉਹ ਥੁੜ ਮਿਆਦੀ ਨਹੀਂ ਬਲਕਿ ਲੰਮੇ ਸਮੇਂ ਤਕ ਉਪਲਬਧ ਕਰ ਸਕਦੀ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਵੋਡਾਫ਼ੋਨ ਨੇ 999 ਰੁਪਏ ਵਿੱਚ 4ਜੀ ਸਮਾਰਟਫ਼ੋਨ ਵੀ ਜਾਰੀ ਕੀਤਾ ਹੈ। ਇਸ ਫ਼ੋਨ ਨੂੰ ਜੀਓ ਦੇ ਫੀਚਰ ਫ਼ੋਨ ਦੇ ਟਾਕਰੇ ਵਿੱਚ ਉਤਾਰਿਆ ਗਿਆ ਹੈ। ਵੋਡਾਫ਼ੋਨ ਨੇ ਇਸ ਫ਼ੋਨ ਦਾ ਨਾਂ ਭਾਰਤ-2 ਅਲਟਰਾ ਰੱਖਿਆ ਹੈ।

ਕੰਪਨੀ ਮੁਤਾਬਕ ਭਾਰਤ-2 ਅਲਟਰਾ ਸਮਾਰਟਫ਼ੋਨ 2,899 ਰੁਪਏ ਵਿੱਚ ਮਿਲੇਗਾ। ਇਸ ਤੋਂ ਬਾਅਦ ਗਾਹਕ ਨੂੰ ਹਰ ਮਹੀਨੇ 36 ਮਹੀਨਿਆਂ ਤਕ ਘੱਟੋ-ਘੱਟ 150 ਰੁਪਏ ਦਾ ਰੀਚਾਰਜ ਕਰਵਾਉਣਾ ਪਵੇਗਾ। ਖਰੀਦਣ ਤੋਂ 18 ਮਹੀਨਿਆਂ ਬਾਅਦ ਵੋਡਾਫ਼ੋਨ ਦੇ ਐਮ-ਪੈਸਾ ਵਾਲੇਟ ਵਿੱਚ 900 ਰੁਪਏ ਕੈਸ਼ਬੈਕ ਆ ਜਾਣਗੇ ਤੇ ਫਿਰ 18 ਮਹੀਨਿਆਂ ਬਾਅਦ ਗਾਹਕ ਨੂੰ 1000 ਰੁਪਏ ਦਾ ਕੈਸ਼ਬੈਕ ਮਿਲੇਗਾ।