ਨਵੀਂ ਦਿੱਲੀ: ਵੋਡਾਫੋਨ ਇੰਡੀਆ ਨੇ ਆਪਣੇ ਪੋਸਟਪੇਡ ਗਾਹਕਾਂ ਲਈ ਨਵਾਂ ਰੈੱਡ ਟੂਗੈਦਰ ਪਲਾਨ ਸ਼ੁਰੂ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਵੋਡਾਫੋਨ ਰੈੱਡ ਓਵਰ ਦੀ ਸੁਵਿਧਾ ਵੀ ਦੇ ਰਹੀ ਹੈ। ਇਹ ਪਲਾਨ ਗਰੁੱਪ ਜਾਂ ਪਰਿਵਾਰ ਲਈ ਲਿਆਂਦਾ ਗਿਆ ਹੈ। ਜੇਕਰ ਗਰੁੱਪ ਦੇ ਸਾਰੇ ਲੋਕਾਂ ਵੱਲੋਂ ਇੱਕੋ ਵੇਲੇ ਬਿੱਲਾਂ ਦਾ ਭੁਗਤਾਨ ਕੀਤਾ ਜਾਂਦਾ ਹੈ ਤਾਂ ਕੰਪਨੀ ਦਾ ਦਾਅਵਾ ਹੈ ਕਿ ਇਸ ਪਲਾਨ ਵਿੱਚ ਗਾਹਕਾਂ ਦੀ 20 ਫੀਸਦੀ ਤੱਕ ਬੱਚਤ ਹੋਵੇਗੀ ਤੇ 20 ਜੀਬੀ ਤੱਕ ਵਧੇਰੇ ਡੇਟਾ ਮਿਲੇਗਾ। ਇਸ ਤੋਂ ਇਲਾਵਾ ਕੰਪਨੀ ਨੇ 399 ਰੁਪਏ ਵਿੱਚ ਬੇਸਿਕ ਪਲਾਨ ਵੀ ਲਿਆਂਦਾ ਹੈ।
ਵੋਡਾਫੋਨ ਟੂਗੈਦਰ ਪਲਾਨ ਦੀ ਗੱਲ ਕਰੀਏ ਤਾਂ ਇਹ ਇੱਕ ਗਰੁੱਪ ਜਾਂ ਪਰਿਵਾਰ ਲਈ ਆਉਣ ਵਾਲਾ ਪਲਾਨ ਹੈ। ਇਸ ਤਹਿਤ ਯੂਜ਼ਰ ਚਾਹੇ ਤਾਂ ਆਪਣੇ ਦੋਸਤਾਂ, ਪਰਿਵਾਰਕ ਮੈਂਬਰਾਂ ਦੇ ਵੋਡਾਫੋਨ ਨੰਬਰ ਨੂੰ ਇਸ ਲਈ ਚੁਣ ਸਕਦਾ ਹੈ। ਮਤਲਬ ਤੁਸੀਂ ਇੱਕ ਬਿੱਲ ਸਾਈਕਲ ਵਿੱਚ ਆਪਣੇ ਨਾਲ ਕੁਝ ਹੋਰ ਲੋਕਾਂ ਦੇ ਵੋਡਾਫੋਨ ਨੰਬਰ ਜੋੜ ਸਕਦੇ ਹੋ ਜਿਸ ਲਈ ਸਿੰਗਲ ਬਿੱਲ ਜੈਨਰੇਟ ਹੋਵੇਗਾ। ਇਸ ਤਰ੍ਹਾਂ ਬਿੱਲ ਦੇ ਭੁਗਤਾਨ ਵਿੱਚ ਗਾਹਕ ਦੀ 20 ਫੀਸਦੀ ਤੱਕ ਬੱਚਤ ਹੋਵੇਗੀ।
ਇਸ ਸੁਵਿਧਾ ਨੂੰ ਪਾਉਣ ਲਈ ਕਸਟਮਰ ਨੂੰ ਕੋਈ ਵੀ ਰੈੱਡ ਪਲਾਨ ਲੈਣਾ ਪਵੇਗਾ ਜਿਸ ਨੂੰ ਉਹ ਰੈੱਡ ਟੂਗੈਦਰ ਵਿੱਚ ਤਬਦੀਲ ਕਰ ਸਕਦੇ ਹਨ। ਵੋਡਾਫੋਨ ਨੇ ਬੇਸਿਕ ਰੈੱਡ ਪਲਾਨ ਵੀ ਲਿਆਂਦਾ ਹੈ ਜਿਸ ਦੀ ਕੀਮਤ 399 ਰੁਪਏ ਰੱਖੀ ਗਈ ਹੈ।
ਇਸ ਬੇਸਿਕ ਪਲਾਨ ਵਿੱਚ ਅਨਲਿਮਿਟਿਡ ਲੋਕਲ-ਐਸ.ਟੀ.ਡੀ ਤੇ ਫਰੀ ਇਨਕਮਿੰਗ ਰੋਮਿੰਗ ਕਾਲ ਮਿਲੇਗੀ। ਇਸ ਦੇ ਨਾਲ ਹੀ 10 ਜੀਬੀ ਡੇਟਾ ਦਿੱਤਾ ਜਾਵੇਗਾ। ਵੋਡਾਫੋਨ ਏਅਰਟੈੱਲ ਦੀ ਤਰਜ਼ 'ਤੇ ਪੋਸਟਪੇਡ ਗਾਹਕਾਂ ਲਈ ਰੋਲ ਓਵਰ ਸੁਵਿਧਾ ਵੀ ਦੇ ਰਿਹਾ ਹੈ ਜਿਸ ਵਿੱਚ ਗਾਹਕ ਦੇ ਅਨ ਯੂਜ਼ਡ ਡੇਟਾ ਨੂੰ ਅਗਲੇ ਮਹੀਨੇ ਦੇ ਬਿੱਲ ਸਾਈਕਲ ਵਿੱਚ ਜੋੜ ਦਿੱਤਾ ਜਾਵੇਗਾ। ਇਸ ਤਰ੍ਹਾਂ ਵੱਧ ਤੋਂ ਵੱਧ 200 ਜੀਬੀ ਡੇਟਾ ਜੋੜਿਆ ਜਾ ਸਕਦਾ ਹੈ।
ਹਾਲਾਂਕਿ 499 ਰੁਪਏ ਵਾਲੇ ਰੈੱਡ ਟਰੈਵੇਲਰ ਪਲਾਨ ਤੇ ਰੈੱਡ ਇੰਟਰਨੈਸ਼ਨਲ ਪਲਾਨ ਦੀ ਤਰ੍ਹਾਂ ਬੇਸਿਕ ਰੈੱਡ ਪਲਾਨ ਵਿੱਚ ਵੋਡਾਫੋਨ ਪਲੇ ਤੇ ਨੈਟਫਲਿਕਸ ਦਾ ਸਬਸਕ੍ਰਿਪਸ਼ਨ ਨਹੀਂ ਦਿੱਤਾ ਜਾਵੇਗਾ।