ਨਵੀਂ ਦਿੱਲੀ: ਇਸ ਵੇਲੇ ਦੁਨੀਆ ਦਾ ਸਭ ਤੋਂ ਮਸ਼ਹੂਰ ਫੋਨ ਆਈਫੋਨ X ਦੀ ਪ੍ਰੀ-ਬੁਕਿੰਗ ਭਾਰਤ 'ਚ ਵੀ ਸ਼ੁਰੂ ਹੋ ਗਈ ਹੈ ਪਰ ਕੀ ਤੁਸੀਂ ਜਾਣਦੇ ਹੋ ਤਾਂ ਐਪਲ ਕੰਪਨੀ ਨੂੰ ਇਹ ਫੋਨ ਕਿੰਨੇ ਦਾ ਪੈਂਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕਰੀਬ ਇੱਕ ਲੱਖ ਰੁਪਏ ਕੀਮਤ ਵਾਲਾ ਫੋਨ ਐਪਲ ਨੂੰ ਤਕਰੀਬਨ 23 ਹਜ਼ਾਰ ਰੁਪਏ ਦਾ ਪੈਂਦਾ ਹੈ। ਇਹ ਦਾਅਵਾ ਮੋਬਾਈਲ ਫੋਨ ਦੇ ਪਾਰਟਸ ਦੀ ਜਾਂਚ ਕਰਨ ਵਾਲੀ ਕੰਪਨੀ TechInsights ਨੇ ਕੀਤਾ ਹੈ। ਕੰਪਨੀ ਮੁਤਾਬਕ ਅਮਰੀਕਾ 'ਚ ਆਈਫੋਨ ਦੀ ਲਾਗਤ ਸਿਰਫ 357 ਡਾਲਰ ਮਤਲਬ ਕਰੀਬ 23,000 ਰੁਪਏ ਹੈ। ਇਹ ਅਮਰੀਕਾ 'ਚ 999 ਡਾਲਰ (ਕਰੀਬ 65,000) ਰੁਪਏ 'ਚ ਵਿਕ ਰਿਹਾ ਹੈ। ਇਸ ਮੁਤਾਬਕ ਐਪਲ ਨੂੰ ਇਸ ਫੋਨ 'ਤੇ ਕਰੀਬ 64 ਫੀਸਦੀ ਮਾਰਜ਼ਨ ਮਿਲ ਰਿਹਾ ਹੈ। ਆਈਫੋਨ X ਹੀ ਨਹੀਂ ਐਪਲ ਦੇ ਨਵੇਂ ਫੋਨ ਆਈਫੋਨ 8 ਦੀ ਲਾਗਤ ਵੀ ਉਸ ਦੀ ਅਸਲ ਕੀਮਤ ਤੋਂ ਕਾਫੀ ਘੱਟ ਹੈ। ਵੈਬਸਾਈਟ ਮੁਤਾਬਕ ਅਮਰੀਕਾ 'ਚ 699 ਡਾਲਰ (ਕਰੀਬ 45,000 ਰੁਪਏ) 'ਚ ਵਿਕ ਰਹੇ ਆਈਫੋਨ 7 ਦੇ ਇਸ ਅਪਗ੍ਰੇਡਿਡ ਵਰਜ਼ਨ 'ਤੇ ਕੰਪਨੀ ਨੂੰ 59 ਫੀਸਦੀ ਮਾਰਜਨ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰਤ 'ਚ ਆਈਫੋਨ X ਦੀ ਪ੍ਰੀ-ਬੁਕਿੰਗ ਕਰਾਉਣ ਵਾਲਿਆਂ ਨੂੰ ਫੋਨ ਮਿਲਣੇ ਸ਼ੁਰੂ ਹੋ ਗਏ ਹਨ। ਇਸ ਨੂੰ ਲੈ ਕੇ ਗਾਹਕਾਂ 'ਚ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ। ਇਸ 'ਚ ਕਈ ਸ਼ਾਨਦਾਰ ਫੀਚਰ ਹਨ।