ਨਵੀਂ ਦਿੱਲੀ: ਵਟਸਐਪ ਨੂੰ ਲੈ ਕੇ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਜਰਮਨੀ ਦੇ ਇੱਕ ਰਿਸਰਚਰ ਮੁਤਾਬਕ ਵਟਸਐਪ ਗਰੁੱਪ ਚੈਟ ਵਿੱਚ ਇੱਕ ਵੱਡਾ ਸਿਕਿਉਰਿਟੀ ਗੈਪ ਸਾਹਮਣੇ ਆਇਆ ਹੈ। ਵਟਸਐਪ ਦੇ ਐਡਮਿਨ ਦੀ ਮਰਜ਼ੀ ਤੋਂ ਬਿਨਾ ਵੀ ਗਰੁੱਪ ਵਿੱਚ ਮੈਂਬਰ ਜੋੜਿਆ ਜਾ ਸਕਦਾ ਹੈ।
ਇੱਕ ਰਿਪੋਰਟ ਮੁਤਾਬਕ ਜਰਮਨੀ ਦੇ ਰੁਹਰ ਯੂਨੀਵਰਸਿਟੀ ਬੋਚੂਮ ਦੇ ਕ੍ਰਿਪਟੋਗ੍ਰਾਫਰ ਨੇ ਇੱਕ ਕਾਨਫ਼ਰੰਸ ਵਿੱਚ ਲੋਕਾਂ ਨੂੰ ਦੱਸਿਆ ਕਿ ਐਪਸ ਦੇ ਸਰਵਰ ਦਾ ਕੰਟਰੋਲ ਜਿਸ ਬੰਦੇ ਕੋਲ ਹੁੰਦਾ ਹੈ, ਉਹ ਨਵੇਂ ਲੋਕਾਂ ਨੂੰ ਪ੍ਰਾਈਵੇਟ ਗਰੁੱਪ ਚੈਟ ਵਿੱਚ ਲਿਆ ਸਕਦਾ ਹੈ। ਇਸ ਲਈ ਐਡਮਿਨ ਦੀ ਇਜਾਜ਼ਤ ਦੀ ਵੀ ਜ਼ਰੂਰਤ ਨਹੀਂ ਹੁੰਦੀ। ਇਸ ਤਰ੍ਹਾਂ ਕੋਈ ਵੀ ਨਵੇਂ ਮੈਸੇਜ ਪੜ੍ਹ ਸਕਦਾ ਹੈ। ਇਸ ਨਾਲ ਪ੍ਰਾਈਵੇਸੀ ਨੂੰ ਖ਼ਤਰਾ ਬਣ ਸਕਦਾ ਹੈ।
ਇਸ ਬਾਰੇ ਫੇਸਬੁੱਕ ਦੇ ਚੀਫ਼ ਸਿਕਿਉਰਿਟੀ ਅਫ਼ਸਰ ਅਲੈਕਸ ਸਟੇਮੋਸ ਨੇ ਟਵੀਟ ਕਰ ਕੇ ਦੱਸਿਆ ਕਿ ਵਟਸਐਪ ਬਾਰੇ ਵਾਇਰਡ ਦੇ ਆਰਟੀਕਲ ਨੂੰ ਪੜ੍ਹਿਆ। ਇਹ ਡਰਾਉਂਦਾ ਹੈ ਪਰ ਵਟਸਐਪ ਦੇ ਗਰੁੱਪ ਚੈਟ ਵਿੱਚ ਕਿਸੇ ਤਰ੍ਹਾਂ ਵੜਿਆ ਨਹੀਂ ਜਾ ਸਕਦਾ। ਵਟਸਐਪ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਜਾਂਚ ਕੀਤੀ। ਅਜਿਹਾ ਨਹੀਂ ਹੋ ਸਕਦਾ। ਵਟਸਐਪ ਵਿੱਚ ਜਦ ਨਵੇਂ ਲੋਕਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਤਾਂ ਮੌਜੂਦਾ ਮੈਂਬਰਾਂ ਨੂੰ ਵੀ ਇਸ ਦੀ ਖ਼ਬਰ ਹੋ ਜਾਂਦੀ ਹੈ। ਅਸੀਂ ਇਸ ਨੂੰ ਪੂਰੀ ਤਰ੍ਹਾਂ ਸੀਕ੍ਰੇਟ ਰੱਖਿਆ ਹੈ।