ਚੰਡੀਗੜ੍ਹ: ਐਮਨੈਸਟੀ ਇੰਟਰਨੈਸ਼ਨਲ ਤੇ ਆਰਟੀਫਿਸ਼ਲ ਇੰਟੈਲੀਜੈਂਸ ਸਾਫਟਵੇਅਰ ਕੰਪਨੀ ਐਲੀਮੈਂਟ ਏਆਈ ਨੇ ਆਪਣੇ ਅਧਿਐਨ ਵਿੱਚ ਦਾਅਵਾ ਕੀਤਾ ਹੈ ਕਿ ਟਵਿੱਟਰ ’ਤੇ ਹਰ 30 ਸੈਕਿੰਡ ਵਿੱਚ ਮਹਿਲਾਵਾਂ ਖ਼ਿਲਾਫ਼ ਧਮਕੀ, ਗਾਲ਼, ਅਪਮਾਨਜਨਕ ਜਾਂ ਮੰਦੀ ਸ਼ਬਦਾਵਲੀ ਵਾਲੇ ਟਵੀਟ ਕੀਤੇ ਜਾਂਦੇ ਹਨ।
ਅਧਿਐਨ ਵਿੱਚ ਕਿਹਾ ਗਿਆ ਹੈ ਕਿ ਟਵਿੱਟਰ ’ਤੇ ਇਸ ਤਰ੍ਹਾਂ ਦੇ ਟਵੀਟਸ ਦੀਆਂ ਸ਼ਿਕਾਰ ਹੋਣ ਵਾਲੀਆਂ ਜ਼ਿਆਦਾਤਰ ਮਹਿਲਾਵਾਂ ਪੱਤਰਕਾਰ ਜਾਂ ਸਿਆਸਤਦਾਨ ਹੁੰਦੀਆਂ ਹਨ। ਅਧਿਐਨ ਮੁਤਾਬਕ ਇਨ੍ਹਾਂ ਮਹਿਲਾਵਾਂ ਨੂੰ ਹਰ 30 ਸੈਕਿੰਡ ਵਿੱਚ ਅਜਿਹਾ ਟਵੀਟ ਮਿਲਦਾ ਹੈ ਜਿਸ ਵਿੱਚ ਉਨ੍ਹਾਂ ਖ਼ਿਲਾਫ਼ ਭੈੜੀ ਜਾਂ ਅਪਮਾਨਜਨਕ ਭਾਸ਼ਾ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਐਮਨੈਸਟੀ ਇੰਟਰਨੈਸ਼ਨਲ ਤੇ ਐਲੀਮੈਂਟ ਏਆਈ ਨੇ ਇਸ ਲਈ ‘ਟ੍ਰੋਲ ਪ੍ਰੋਜੈਕਟ’ ਨਾਂ ਹੇਠ ਅਧਿਐਨ ਕੀਤਾ ਸੀ ਜਿਸ ਵਿੱਚ 150 ਦੇਸ਼ਾਂ ਦੀਆਂ 6500 ਤੋਂ ਵੱਧ ਵਲੰਟੀਅਰ ਮਹਿਲਾਵਾਂ ਨੇ ਹਿੱਸਾ ਲਿਆ ਸੀ। ਇਨ੍ਹਾਂ ਮਹਿਲਾਵਾਂ ਨੇ 2 ਲੱਖ 88 ਹਜ਼ਾਰ ਟਵੀਟਸ ਕੱਢੇ ਜੋ ਮਹਿਲਾ ਪੱਤਰਕਾਰਾਂ ਜਾਂ ਲੀਡਰਾਂ ਨੂੰ ਅਮਰੀਕਾ ਤੇ ਬ੍ਰਿਟੇਨ ਵਿੱਚ 2017 ’ਚ ਭੇਜੇ ਗਏ ਸੀ।
ਇਸ ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਕਿ ਗੋਰੇ ਰੰਗ ਦੇ ਮੁਕਾਬਲੇ ਸਾਂਵਲੇ ਰੰਗ ਦੀਆਂ ਮਹਿਲਾਵਾਂ ਨੂੰ ਜ਼ਿਆਦਾ ਸ਼ਿਕਾਰ ਬਣਾਇਆ ਜਾਂਦਾ ਹੈ। ਪਿਛਲੇ ਸਾਲ ਗੋਰੇ ਰੰਗ ਦੀਆਂ ਮਹਿਲਾਵਾਂ ਨੂੰ 5.6 ਫੀਸਦੀ ਅਪਮਾਨ ਭਰੇ ਤੇ 1.2 ਮੰਦੀ ਸ਼ਬਦਾਵਲੀ ਵਾਲੇ ਟਵੀਟ ਮਿਲੇ ਜਦਕਿ ਸਾਂਵਲੇ ਰੰਗ ਦੀਆਂ ਮਹਿਲਾਵਾਂ ਲਈ ਇਹ ਅੰਕੜਾ 8.9 ਤੇ 2.2 ਫੀਸਦੀ ਸੀ। ਇਸ ਹਿਸਾਬ ਨਾਲ ਗੋਰੇ ਰੰਗ ਦੀਆਂ ਮਹਿਲਾਵਾਂ ਦੇ ਮੁਕਾਬਲੇ ਸਾਂਵਲੇ ਰੰਗ ਦੀਆਂ ਮਹਿਲਾਵਾਂ ਨੂੰ 60 ਫੀਸਦੀ ਜ਼ਿਆਦਾ ਅਪਮਾਨਜਨਕ ਤੇ 84 ਫੀਸਦੀ ਜ਼ਿਆਦਾ ਭੈੜੇ ਟਵੀਟ ਭੇਜੇ ਗਏ।