ਮਹਿਤਾਬ-ਉਦ-ਦੀਨ


 



ਚੰਡੀਗੜ੍ਹ: ਦੁਨੀਆ ਦੇ ਪ੍ਰਮੁੱਖ ਸਰਚ ਇੰਜਣ ‘ਗੂਗਲ’ ਨੇ ਅੱਜ ਆਪਣਾ ‘ਡੂਡਲ’ ਭਾਰਤ ਦੀ ਪਹਿਲੀ ਮਹਿਲਾ ਪਾਇਲਟ ਸਰਲਾ ਠੁਕਰਾਲ ਨੂੰ ਸਮਰਪਿਤ ਕੀਤਾ ਹੈ। ਅੱਜ ਐਤਵਾਰ, 8 ਅਗਸਤ ਨੂੰ ਸਰਲਾ ਦਾ 107ਵਾਂ ਜਨਮ ਦਿਨ ਵੀ ਹੈ। ਗੂਗਲ ਨੇ ਸਰਲਾ ਠੁਕਰਾਲ ਦੀਆਂ ਪ੍ਰਾਪਤੀਆਂ ਨੂੰ ਵਿਲੱਖਣ ਤੇ ਅਸਾਧਾਰਨ ਦੱਸਿਆ ਹੈ। ਦੱਸ ਦੇਈਏ ਕਿ ਸਰਲਾ ਠੁਕਰਾਲ ਨੇ ਸਾੜ੍ਹੀ ਪਾ ਕੇ ਏਅਰਕ੍ਰਾਫ਼ਟ ਉਡਾਇਆ ਸੀ।

 

ਗੂਗਲ ਲਈ ਅੱਜ ਦਾ ‘ਡੂਡਲ’ ਕਲਾਕਾਰ ਵ੍ਰਿੰਦਾ ਜ਼ਾਵੇਰੀ ਨੇ ਤਿਆਰ ਕੀਤਾ ਹੈ। ਸਰਲਾ ਠੁਕਰਾਲ ਦਾ ਜਨਮ ਦਿੱਲੀ ’ਚ 8 ਅਗਸਤ, 1914 ਨੂੰ ਹੋਇਆ ਸੀ ਤੇ ਤਦ ਭਾਰਤ ਉੱਤੇ ਅੰਗ੍ਰੇਜ਼ਾਂ ਦੀ ਹਕੂਮਤ ਸੀ। ਵਿਆਹ ਤੋਂ ਬਾਅਦ ਸਰਲਾ ਲਾਹੌਰ (ਜੋ ਹੁਣ ਪਾਕਿਸਤਾਨ ’ਚ ਹੈ) ਆਪਣੇ ਸਹੁਰੇ ਪਰਿਵਾਰ ’ਚ ਰਹਿਣ ਲੱਗ ਪਏ ਸਨ। ਉਨ੍ਹਾਂ ਦੇ ਪਤੀ ਪੀਡੀ ਸ਼ਰਮਾ ‘ਏਅਰਮੇਲ’ ’ਚ ਪਾਇਲਟ ਸਨ; ਜੋ ਖ਼ੁਦ ਵੀ ਇਸ ਕੰਪਨੀ (ਏਅਰਮੇਲ) ਲਈ ਭਾਰਤ ਦੇ ਪਹਿਲੇ ਲਾਇਸੈਂਸਧਾਰਕ ਪਾਇਲਟ ਸਨ।

 

ਸਰਲਾ ਠੁਕਰਾਲ ਨੇ ਲਾਹੌਰ ਦੇ ਫ਼ਲਾਈਂਗ ਕਲੱਬ ’ਚ ਪਾਇਲਟ ਦੀ ਸਿਖਲਾਈ ਲਈ ਸੀ। ਪੂਰੇ 1,000 ਘੰਟਿਆਂ ਦੀ ਉਡਾਣ ਦਾ ਪ੍ਰਦਰਸ਼ਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਮਰਸ਼ੀਅਲ ਪਾਇਲਟ ਦਾ ਲਾਇਸੈਂਸ ਮਿਲਿਆ ਸੀ। ਸਰਲਾ ਠੁਕਰਾਲ ਨੇ 1936 ’ਚ 22 ਸਾਲਾਂ ਦੀ ਉਮਰੇ ਜਿਪਸੀ ਮੌਥ ਨਾਂਅ ਦਾ ਦੋ ਸਵਾਰੀਆਂ ਵਾਲਾ ਹਵਾਈ ਜਹਾਜ਼ ਉਡਾਇਆ ਸੀ।

 

ਸਰਲਾ ਠੁਕਰਾਲ ਨੇ ਜਦੋਂ ਪਾਇਲਟ ਵਜੋਂ ਆਪਣਾ ਕਰੀਅਰ ਅਰੰਭ ਕਰਨਾ ਚਾਹਿਆ, ਤਾਂ ਦੂਜਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਸੀ। ਫਿਰ ਉਨ੍ਹਾਂ ਫ਼ਾਈਨ ਆਰਟ ਦੀ ਪੜ੍ਹਾਈ ਕੀਤੀ ਤੇ ਲਾਹੌਰ ਦੇ ‘ਮਾਯੋ ਸਕੂਲ ਆਫ਼ ਆਰਟਸ’ (ਹੁਣ ਇਸ ਦਾ ਨਾਂਅ ‘ਨੈਸ਼ਨਲ ਕਾਲਜ ਆਫ਼ ਆਰਟਸ’ ਹੈ) ਵਿੱਚ ਕਲਾ ਤੇ ਪੇਂਟਿੰਗ ਸਿੱਖੀ। ਬਾਅਦ ’ਚ ਉਹ ਦਿੱਲੀ ਪਰਤ ਆਏ ਸਨ ਤੇ ਪੇਂਟਿੰਗ ਦਾ ਸਿਲਸਿਲਾ ਜਾਰੀ ਰੱਖਿਆ ਸੀ। ਉਨ੍ਹਾਂ ਜਿਊਲਰੀ ਤੇ ਕੱਪੜਿਆਂ ਦੀ ਡਿਜ਼ਾਇਨਿੰਗ ਵਿੱਚ ਆਪਣਾ ਸਫ਼ਲ ਕਰੀਅਰ ਬਣਾਇਆ ਸੀ।