ਜੇਕਰ ਤੁਹਾਡੇ ਕੋਲ Amazon Prime ਦੀ ਮੈਂਬਰਸ਼ਿਪ ਹੈ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਦਰਅਸਲ, ਇੱਕ ਹੈਕਰਸ ਦਾ ਗਰੁੱਪ ਪ੍ਰਾਈਮ ਮੈਂਬਰਸ ਨੂੰ ਨਿਸ਼ਾਨਾ ਬਣਾ ਰਿਹਾ ਹੈ। ਉਹ ਨਾ ਸਿਰਫ਼ ਯੂਜ਼ਰਸ ਦੀ ਸੰਵੇਦਨਸ਼ੀਲ ਜਾਣਕਾਰੀ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਸਗੋਂ ਉਨ੍ਹਾਂ ਦੀ ਨਜ਼ਰ ਕ੍ਰੈਡਿਟ ਕਾਰਡ ਡੇਟਾ 'ਤੇ ਵੀ ਹੈ। ਇੱਕ ਵਾਰ ਜਦੋਂ ਇਹ ਜਾਣਕਾਰੀ ਹੈਕਰਸ ਦੇ ਹੱਥ ਲੱਗ ਜਾਂਦੀ ਹੈ, ਤਾਂ ਵੱਡਾ ਨੁਕਸਾਨ ਹੋਣ ਦਾ ਖ਼ਤਰਾ ਹੁੰਦਾ ਹੈ। ਆਓ ਜਾਣਦੇ ਹਾਂ ਪੂਰਾ ਮਾਮਲਾ
ਹੈਕਰਸ ਮੈਂਬਰਸ਼ਿਪ ਖਤਮ ਹੋਣ ਦਾ ਦਿੰਦੇ ਡਰਾਵਾ
ਸਾਈਬਰ ਸਿਕਿਊਰਿਟੀ ਪ੍ਰੋਟੈਕਸ਼ਨ ਲਈ ਕੰਮ ਕਰਨ ਵਾਲੇ ਪਾਲੋ ਆਲਟੋ ਦੇ ਯੂਨਿਟ 42 ਰਿਸਰਚ ਡਿਵੀਜ਼ਨ ਨੇ ਇਸ ਹੈਕਿੰਗ ਮੁਹਿੰਮ ਦੀ ਪੁਸ਼ਟੀ ਕੀਤੀ ਹੈ। ਡਿਵੀਜ਼ਨ ਨੇ ਕਿਹਾ ਕਿ ਹੈਕਰ ਐਮਾਜ਼ਨ ਯੂਜ਼ਰਸ ਨੂੰ ਪ੍ਰਾਈਮ ਮੈਂਬਰਸ਼ਿਪ ਐਕਸਪਾਇਰ ਹੋਣ ਦਾ ਡਰਾਵਾ ਦੇ ਕੇ ਐਮਾਜ਼ਨ ਯੂਜ਼ਰਸ ਨੂੰ ਨਿਸ਼ਾਨਾ ਬਣਾ ਰਹੇ ਹਨ। ਹੈਕਰਸ ਖੁਦ ਨੂੰ ਐਮਾਜ਼ਾਨ ਦੇ ਪ੍ਰਤੀਨਿਧੀ ਬਣਾ ਕੇ ਯੂਜ਼ਰਸ ਨੂੰ ਇੱਕ PDF ਡਾਕੂਮੈਂਟ ਭੇਜ ਰਹੇ ਹਨ। ਇਸ ਵਿੱਚ ਉਹ ਯੂਜ਼ਰਸ ਨੂੰ ਆਪਣੇ ਖਾਤੇ ਦਾ ਡੇਟਾ ਅਤੇ ਕ੍ਰੈਡਿਟ ਕਾਰਡ ਡਿਟੇਲਸ ਭਰਨ ਲਈ ਕਹਿੰਦੇ ਹਨ। ਅਸਲ ਵਿੱਚ ਇਹ ਇੱਕ ਫਿਸ਼ਿੰਗ ਹਮਲਾ ਹੈ। ਫਾਰਮ ਭਰਨ ਤੋਂ ਬਾਅਦ, ਇਹ ਡੇਟਾ ਕੰਪਨੀ ਕੋਲ ਜਾਣ ਦੀ ਬਜਾਏ ਹੈਕਰਸ ਦੇ ਹੱਥਾਂ ਵਿੱਚ ਚਲਾ ਜਾਂਦਾ ਹੈ। ਇਨ੍ਹਾਂ ਹੈਕਰਸ ਨੇ ਐਮਾਜ਼ਨ ਵਰਗੇ ਦਿਖਾਈ ਦੇਣ ਵਾਲੇ 1,000 ਤੋਂ ਵੱਧ ਡੋਮੇਨ ਨੇਮ ਰਜਿਸਟਰ ਕਰਵਾਏ ਹੋਏ ਹਨ, ਜਿਸ ਨਾਲ ਉਪਭੋਗਤਾਵਾਂ ਨੂੰ ਫਸਾਉਣਾ ਸੌਖਾ ਹੋ ਜਾਂਦਾ ਹੈ।
ਖੁਦ ਨੂੰ ਇਦਾਂ ਬਚਾਓ
ਅੱਜਕੱਲ੍ਹ ਸਾਈਬਰ ਧੋਖਾਧੜੀ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਹੈਕਰ ਅਤੇ ਸਾਈਬਰ ਅਪਰਾਧੀ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਫਸਾਉਣ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਹਮਲਿਆਂ ਤੋਂ ਬਚਣ ਲਈ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ। ਕਿਸੇ ਵੀ ਸ਼ੱਕੀ ਜਾਂ ਅਣਜਾਣ ਵਿਅਕਤੀ ਤੋਂ ਪ੍ਰਾਪਤ ਹੋਏ ਕਿਸੇ ਵੀ ਲਿੰਕ, ਮੈਸੇਜ, ਈਮੇਲ ਜਾਂ ਦਸਤਾਵੇਜ਼ ਨੂੰ ਨਾ ਖੋਲ੍ਹੋ। ਜੇਕਰ ਕੋਈ ਅਣਜਾਣ ਵਿਅਕਤੀ ਤੁਹਾਡੇ ਤੋਂ OTP, ਖਾਤੇ ਦੇ ਵੇਰਵੇ ਜਾਂ ਹੋਰ ਸੰਵੇਦਨਸ਼ੀਲ ਜਾਣਕਾਰੀ ਮੰਗ ਰਿਹਾ ਹੈ, ਤਾਂ ਇਹ ਜਾਣਕਾਰੀ ਉਸ ਨਾਲ ਸਾਂਝੀ ਨਾ ਕਰੋ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਦਿਖਾਏ ਜਾਣ ਵਾਲੇ ਲੁਭਾਉਣੇ ਇਸ਼ਤਿਹਾਰਾਂ ਅਤੇ ਪੇਸ਼ਕਸ਼ਾਂ ਤੋਂ ਵੀ ਦੂਰ ਰਹੋ।