ਭੁਪਾਲ: ਜ਼ਿਆਦਾਤਰ ਲੋਕ ਬਿਜਲੀ ਦੇ ਬਿੱਲ ਤੋਂ ਪ੍ਰੇਸ਼ਾਨ ਹਨ ਪਰ ਕਈ ਅਜਿਹੇ ਤਰੀਕੇ ਵੀ ਹਨ ਜਿਨ ਨਾਲ ਬਿਜਲੀ ਦਾ ਬਿੱਲ ਕਈ ਗੁਣਾਂ ਘਟਾਇਆ ਜਾ ਸਕਦਾ ਹੈ। ਅਜਿਹੀ ਹੀ ਖ਼ਬਰ ਮੱਧ ਪ੍ਰਦੇਸ਼ ਦੇ ਭੁਪਾਲ ਤੋਂ ਆਈ ਹੈ। ਇੱਥੇ ਮਾਲਵੀ ਨਗਰ ਦੇ ਕਈ ਪਰਿਵਾਰਾਂ ਦੇ ਘਰ ਦਾ ਬਿਜਲੀ ਦਾ ਬਿੱਲ 500 ਤੋਂ 6 ਹਜ਼ਾਰ ਰੁਪਏ ਆਉਂਦਾ ਸੀ ਪਰ ਹੁਣ ਔਸਤਨ 100 ਤੋਂ 120 ਰੁਪਏ ਦਰਮਿਆਨ ਆਉਣ ਲੱਗ ਪਿਆ ਹੈ।

ਦਰਅਸਲ, 6 ਮਹੀਨੇ ਪਹਿਲਾਂ ਲੋਕਾਂ ਨੇ ਘਰ ਦੀ ਛੱਤ ’ਤੇ 5 ਕਿਲੋਵਾਟ ਸਮਰਥਾ ਵਾਲਾ ਸੋਲਰ ਬਿਜਲੀ ਪਲਾਂਟ ਲਵਾਇਆ ਸੀ, ਜਿਸ ਨੂੰ ਉਨ੍ਹਾਂ ਨੈੱਟ ਮੀਟਰਿੰਗ ਨਾਲ ਜੋੜ ਲਿਆ। ਇਲਾਕੇ ਵਿੱਚ ਅਜਿਹੇ 46 ਪਰਿਵਾਰ ਹਨ, ਜਿਨ੍ਹਾਂ ਆਪਣੇ ਘਰ ਦੀ ਛੱਤ ’ਤੇ ਨੈੱਟ ਮੀਟਰਿੰਗ ਵਾਲੇ ਸੋਲਰ ਸਿਸਟਮ ਲਾ ਕੇ ਪੈਸੇ ਤੇ ਬਿਜਲੀ, ਦੋਵਾਂ ਦੀ ਬੱਚਤ ਕੀਤੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਨੈੱਟ ਮੀਟਰਿੰਗ ਇੱਕ ਤਰ੍ਹਾਂ ਦਾ ਬਿਲਿੰਗ ਸਿਸਟਮ ਹੈ, ਜੋ ਸੋਲਰ ਪੈਨਲ ਜ਼ਰੀਏ ਪੈਦਾ ਹੋਣ ਵਾਲੀ ਬਿਜਲੀ ਦੀ ਕਾਊਂਟਿੰਗ ਕਰਦਾ ਹੈ। ਇਸ ਦੇ ਨਾਲ ਹੀ ਇਹ ਸਿਸਟਮ ਸੋਲਰ ਪਲਾਂਟ ਤੋਂ ਗਰਿੱਡ ਵਿੱਚ ਜਾਣ ਵਾਲੀ ਤੇ ਘਰ ਵਿੱਚ ਖਪਤ ਹੋਣ ਵਾਲੀ ਬਿਜਲੀ ਦਾ ਵੀ ਹਿਸਾਬ-ਕਿਤਾਬ ਰੱਖਦਾ ਹੈ। ਨੈੱਟ ਮੀਟਰਿੰਗ ਲਈ ਸੋਲਰ ਸਿਸਟਮ ਦੇ ਨਾਲ-ਨਾਲ ਇੱਕ ਹੋਰ ਮੀਟਰ ਲਾਉਣਾ ਪੈਂਦਾ ਹੈ, ਜੋ ਬਿਜਲੀ ਕੰਪਨੀਆਂ ਉਪਲੱਬਧ ਕਰਾਉਂਦੀਆਂ ਹਨ।