ਚੰਡੀਗੜ੍ਹ: ਮੁੰਬਈ ਦੀ ਸਟਾਰਟਅਪ ਕੰਪਨੀ ‘ਇਮੋਟਿਕਸ’ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦੀ ਮਦਦ ਕਰਨ ਲਈ ਖ਼ਾਸ ਤਰ੍ਹਾਂ ਦਾ ਰੋਬੋਟ ਵਿਕਸਤ ਕੀਤਾ ਹੈ। ਇਸ ਰੋਬੋਟ ਦਾ ਨਾਂ ‘ਮੀਕੋ 2’ ਰੱਖਿਆ ਹੈ ਜੋ ਬੱਚਿਆਂ ਲਈ ਭਾਰਤ ਦਾ ਪਹਿਲਾ ਐਡਵਾਂਸ ‘ਪਰਸਨਲ ਰੋਬੋਟ’ ਹੋਏਗਾ। ਇਸ ਨੂੰ ਬੱਚਿਆਂ ਨੂੰ ਪੜ੍ਹਾਉਣ-ਲਿਖਾਉਣ ਵਿੱਚ ਮਾਪਿਆਂ ਦੀ ਮਦਦ ਕਰੇਗਾ। ਇਸ ਦੀ ਕੀਮਤ 24,999 ਰੁਪਏ ਹੈ। ਇਸ ਨੂੰ 15 ਦਸੰਬਰ ਤੋਂ ਖਰੀਦਿਆ ਜਾ ਸਕੇਗਾ।

ਮੀਕੋ 2 ਨੂੰ ਇੰਜਨੀਅਰ, ਮੈਥੇਮੈਟੀਸ਼ੀਅਨ, ਆਰਟਿਸਟ ਤੇ ਨਿਊਰੋਲੌਜਿਸਟ ਨੇ ਮਿਲ ਕੇ ਤਿਆਰ ਕੀਤਾ ਹੈ। ਕੰਪਨੀ ਦੇ ਸੀਈਓ ਸਨੇਹ ਰਾਜਕੁਮਾਰ ਵਸਵਾਨੀ ਨੇ ਦੱਸਿਆ ਕਿ ਰੋਬੋਟ ਬੱਚਿਆਂ ਨਾਲ ਗੱਲਬਾਤ ਕਰਨ ਦੇ ਸਮਰਥ ਹੈ। ਇਸ ਦੀ ਮਦਦ ਨਾਲ ਬੱਚਿਆਂ ਦਾ ਅਕਾਦਮਿਕ ਪੱਧਰ ਤੇ ਆਮ ਜਾਣਕਾਰੀ ਵਿੱਚ ਵਾਧਾ ਹੋਏਗਾ।



ਇਸ ਰੋਬੋਟ ਨੂੰ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ ਪਰ ਇਸ ਵਰ੍ਹੇ ਇਸ ਵਿੱਚ ਹੋਰ ਬਦਲਾਏ ਕੀਤੇ ਗਏ ਹਨ। ਇਹ ਰੋਬੋਟ ਸੁਣ ਸਕਦਾ ਹੈ, ਯਾਦ ਰੱਖ ਸਕਦਾ ਹੈ ਤੇ ਬੱਚਿਆਂ ਨੂੰ ਸਿਖਾ ਵੀ ਸਕਦਾ ਹੈ। ਰੋਬੋਟ ਵਿੱਚ HD ਕੈਮਰਾ ਵੀ ਲਾਇਆ ਗਿਆ ਹੈ ਜਿਸ ਦੀ ਮਦਦ ਨਾਲ ਇਹ ਚਿਹਰੇ ਪਛਾਣ ਸਕਦਾ ਹੈ। ਇਸ ਦੇ ਇਲਾਵਾ ਇਸ ਵਿੱਚ ਮਾਈਕ੍ਰੋਫੋਨ ਵੀ ਲਾਇਆ ਗਿਆ ਹੈ ਜਿਸ ਦੀ ਮਦਦ ਨਾਲ ਇਹ ਗੱਲਾਂ ਸੁਣ ਸਕਦਾ ਹੈ।

ਰੋਬੋਟ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਨਾਲ ਵੀਡੀਓ ਕਾਲ ਵੀ ਕੀਤੀ ਜਾ ਸਕਦੀ ਹੈ। ਇਸ ਦੀ ਮਦਦ ਨਾਲ ਮਾਪੇ ਕਿਤਿਓਂ ਵੀ ਆਪਣੇ ਬੱਚਿਆਂ ਨਾਲ ਵੀਡੀਓ ਕਰ ਸਕਦੇ ਹਨ। ਇਸ ਦੇ ਨਾਲ ਹੀ ਇਸ ਰੋਬੋਟ ਵਿੱਚ ‘ਪੈਰੇਂਟਲ ਡੈਸ਼ਬੋਰਡ’ ਦੀ ਵੀ ਸਹੂਲਤ ਦਿੱਤੀ ਗਈ ਹੈ ਜਿਸ ਦੀ ਮਦਦ ਨਾਲ ਮਾਪੇ ਆਪਣੇ ਬੱਚਿਆਂ ਦੀ ਹਰ ਗਤੀਵਿਧੀ ’ਤੇ ਨਜ਼ਰ ਰੱਖ ਸਕਦੇ ਹਨ।