ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਤ੍ਰਿਲੋਕਪੁਰੀ ਇਲਾਕੇ ਵਿੱਚ ਹਿੰਸਾ ਕਰਨ ਵਾਲੇ 88 ਲੋਕਾਂ ਬਾਰੇ ਹਾਈਕੋਰਟ ਨੇ 22 ਵਰ੍ਹਿਆਂ ਬਾਅਦ ਵੱਡਾ ਫੈਸਲਾ ਸੁਣਾਇਆ ਹੈ। ਚੁਰਾਸੀ ਕਤਲੇਆਮ ਸਣੇ 95 ਸਿੱਖਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਲੰਮਾ ਕੇਸ ਚੱਲਿਆ ਸੀ ਅਤੇ ਹੁਣ ਬੁੱਧਵਾਰ ਨੂੰ ਦਿੱਲੀ ਹਾਈਕੋਰਟ ਨੇ ਹੇਠਲੀ ਅਦਾਲਤ ਵੱਲੋਂ 1996 ਵਿੱਚ ਇਸ ਮਾਮਲੇ ਦੇ 88 ਦੋਸ਼ੀਆਂ ਨੂੰ ਪੰਜ-ਪੰਜ ਸਾਲ ਦੀ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਤੁਰੰਤ ਆਤਮ ਸਮਰਪਣ ਕਰਨ ਦੇ ਹੁਕਮ ਦਿੱਤੇ ਹਨ।


ਹੇਠਲੀ ਅਦਾਲਤ ਨੇ ਫੈਸਲੇ ਦੇ ਵਿਰੁੱਧ ਉਕਤ 88 ਦੋਸ਼ੀਆਂ ਨੇ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਜਿੱਥੋਂ ਹੁਣ ਉਨ੍ਹਾਂ ਨੂੰ ਨਿਰਾਸ਼ਾ ਹੱਥ ਲੱਗੀ ਹੈ। ਇਨ੍ਹਾਂ 88 ਵਿੱਚੋ 47 ਦੋਸ਼ੀ ਹੀ ਜ਼ਿੰਦਾ ਹਨ। ਹਾਲਾਂਕਿ, ਤ੍ਰਿਲੋਕਪੁਰੀ ਇਲਾਕੇ ਵਿੱਚ 95 ਸਿੱਖਾਂ ਦੀਆਂ ਲਾਸ਼ਾਂ ਮਿਲੀਆਂ ਸਨ ਪਰ ਸਬੂਤਾਂ ਦੀ ਘਾਟ ਕਾਰਨ 88 ਮੁਲਜ਼ਮਾਂ 'ਤੇ ਹੱਤਿਆ ਦੀਆਂ ਧਾਰਾਵਾਂ ਤਹਿਤ ਦੋਸ਼ ਤੈਅ ਨਹੀਂ ਸੀ ਹੋਏ।

ਅਦਾਲਤਾਂ ਨੇ ਉਕਤ ਦੋਸ਼ੀਆਂ ਨੂੰ ਦੋ ਨਵੰਬਰ 1984 ਨੂੰ ਕਰਫ਼ਿਊ ਦੀ ਉਲੰਘਣਾ ਕਰ ਹਿੰਸਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਸ ਸਮੇਂ ਤ੍ਰਿਲੋਕਪੁਰੀ ਵਿੱਚ 95 ਲੋਕਾਂ ਦੀ ਮੌਤ ਹੋ ਗਈ ਸੀ ਅਤੇ 100 ਤੋਂ ਵੱਧ ਘਰਾਂ ਨੂੰ ਸਾੜ ਦਿੱਤਾ ਗਿਆ ਸੀ। ਹੁਣ ਘਟਨਾ ਤੋਂ 22 ਸਾਲ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਇਸ ਤੋਂ ਪਹਿਲਾਂ 20 ਨਵੰਬਰ ਨੂੰ ਮਹੀਪਾਲਪੁਰ ਇਲਾਕੇ ਵਿੱਚ ਦੋ ਸਿੱਖਾਂ ਦੇ ਕਤਲ ਮਾਮਲੇ ਵਿੱਚ ਪਟਿਆਲਾ ਹਾਊਸ ਕੋਰਟ ਨੇ ਇੱਕ ਦੋਸ਼ੀ ਨੂੰ ਫਾਂਸੀ ਤੇ ਦੂਜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।