ਨਵੀਂ ਦਿੱਲੀ: ਦਿੱਲੀ ਦੇ ਲਗਭਗ 1,600 ਪ੍ਰਾਈਵੇਟ ਸਕੂਲਾਂ ‘ਚ ਨਰਸਰੀ ਦੇ ਦਾਖਲੇ ਦੀ ਪ੍ਰਕ੍ਰਿਆ 15 ਦਸੰਬਰ ਤੋਂ ਸ਼ੁਰੂ ਹੋ ਗਈ ਹੈ। ਅਰਜ਼ੀਆਂ ਦੇਣ ਦੀ ਆਖਰੀ ਤਾਰੀਖ਼ 7 ਜਨਵਰੀ ਹੈ। ਇਸ ਦੇ ਨਾਲ ਹੀ, ਇਸੇ ਸਾਲ ਤੋਂ ਸਰਕਾਰ ਇੱਕ ਉਪਰੀ ਉਮਰ ਸੀਮਾ ਵੀ ਲਾਗੂ ਕਰ ਰਹੀ ਹੈ। ਦਿੱਲੀ ਸਰਕਾਰ ਦੇ ਸਿੱਖਿਆ ਡਾਇਰੈਕਟੋਰੇਟ ਨੇ ਵਿਸਤ੍ਰਿਤ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਮੁਤਾਬਕ 2019-20 ਸੈਸ਼ਨ ਲਈ ਨਰਸਰੀ ਕਲਾਸ ‘ਚ ਦਾਖਲੇ ਲਈ ਅਰਜ਼ੀ ਜਮਾਂ ਕਰਵਾਉਣ ਦੀ ਆਖਰੀ ਤਾਰੀਖ਼ 7 ਜਨਵਰੀ ਹੈ।


ਸਰਕਾਰ ਨੇ ਨਰਸਰੀ ਤੋਂ ਉੱਤੇ ਉਮਰ ਸੀਮਾ ਚਾਰ ਸਾਲ ਤੋਂ ਘੱਟ, ਕੇਜੀ ਲਈ ਪੰਜ ਸਾਲ ਤੋਂ ਘੱਟ ਤੇ ਪਹਿਲੀ ਕਲਾਸ ‘ਚ ਦਾਖਲੇ ਲਈ ਉਮਰ 6 ਸਾਲ ਤੈਅ ਕੀਤੀ ਹੈ। ਚੁਣੇ ਗਏ ਬੱਚਿਆਂ ਨੂੰ ਉਨ੍ਹਾਂ ਵੱਲੋਂ ਹਾਸਲ ਅੰਕਾਂ ਦੇ ਅਧਾਰ ‘ਤੇ ਪਹਿਲੀ ਲਿਸਟ 4 ਫਰਵਰੀ ਨੂੰ ਜਾਰੀ ਕੀਤੀ ਜਾਵੇਗੀ। ਦੂਜੀ ਲਿਸਟ 22 ਫਰਵਰੀ ਨੂੰ ਜਾਰੀ ਹੋਵੇਗੀ ਤੇ ਦਾਖਲੇ ਦੀ ਪ੍ਰਕ੍ਰਿਆ 31 ਮਾਰਚ ਨੂੰ ਪੂਰੀ ਕੀਤੀ ਜਾਵੇਗੀ।



ਪ੍ਰੀ-ਸਕੂਲ, ਪ੍ਰੀ-ਪ੍ਰਾਇਮਰੀ ਤੇ ਪਹਿਲੀ ਕਲਾਸ ‘ਚ 25 ਫੀਸਦੀ ਸੀਟਾਂ ਆਰਥਿਕ ਤੌਰ ‘ਤੇ ਕਮਜੌਰ/ ਈਡਬਿਲੂਐਸ-ਡੀਜੀ ਲਈ ਰਾਖਵੀਆਂ ਹੋਣਗੀਆਂ। ਡਾਇਰੈਕਟੋਰੇਟ ਨੇ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਓਪਨ ਸੀਟਾਂ ‘ਤੇ ਦਾਖਲੇ ਲਈ ਯੋਗਤਾ 14 ਦਸੰਬਰ ਤਕ ਆਪੋ-ਆਪਣੀਆਂ ਵੈੱਬਸਾਈਟਾਂ ‘ਤੇ ਪਾਉਣ ਦੇ ਆਦੇਸ਼ ਦਿੱਤੇ ਹਨ।

ਉਪਰੀ ਉਮਰ ਸੀਮਾ ਦੇ ਫੈਸਲੇ ਨੂੰ ਪਿਛਲੇ ਸਾਲ ਹੀ ਅਦਾਲਤ ‘ਚ ਚੁਣੌਤੀ ਦਿੱਤੀ ਗਈ ਸੀ। ਜਦਕਿ ਦਿੱਲੀ ਹਾਈਕੋਰਟ ਨੇ ਪਿਛਲੇ ਸਾਲ ਆਪਣੇ ਇੱਕ ਆਦੇਸ਼ ਰਾਹੀਂ ਉਪਰੀ ਉਮਰ ਸੀਮਾ ਲਾਗੂ ਕੀਤੇ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ। ਇਸ ਤੋਂ ਬਾਅਦ ਡਾਇਰੈਕਟੋਰੇਟ ਨੇ ਇਹ ਫੈਸਲਾ ਲਿਆ ਕੀ ਅਦਾਲਤ ਦਾ ਫੈਸਲਾ 2019 ਦੇ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਲਾਗੂ ਕੀਤਾ ਜਾਵੇਗਾ।