Apple ਇਸ ਸਾਲ ਦੇ ਅੰਤ 'ਚ iPhone 14 ਸੀਰੀਜ਼ ਲਾਂਚ ਕਰੇਗਾ, ਜੋ ਪਿਛਲੇ ਸਾਲ ਸਤੰਬਰ 'ਚ ਲਾਂਚ ਹੋਏ iPhone 13 ਸੀਰੀਜ਼ ਦੀ ਥਾਂ ਲਵੇਗਾ। iPhone 14 ਸੀਰੀਜ਼ ਦੇ ਲਾਂਚ ਹੋਣ ਦੇ ਨਾਲ ਇਹ ਸੰਭਾਵਨਾ ਹੈ ਕਿ ਐਪਲ iPhone 11 ਨੂੰ ਬੰਦ ਕਰ ਸਕਦਾ ਹੈ। ਇਹ ਇੱਕ ਅਜਿਹਾ ਸਮਾਰਟਫ਼ੋਨ ਹੈ, ਜੋ 2019 'ਚ ਲਾਂਚ ਹੋਣ ਤੋਂ ਬਾਅਦ ਐਪਲ ਲਈ ਕਾਫ਼ੀ ਪਾਪੁਲਰ ਸਾਬਤ ਹੋਇਆ ਹੈ। ਇੱਕ ਰਿਪੋਰਟ ਅਨੁਸਾਰ Apple iPhone 11 ਨੂੰ iPhone 14 ਸੀਰੀਜ਼ ਦੇ ਲਾਂਚ ਦੇ ਨਾਲ ਇਸ ਸਾਲ ਦੇ ਅੰਤ 'ਚ ਬੰਦ ਕਰ ਦਿੱਤਾ ਜਾਵੇਗਾ। ਰਿਪੋਰਟਾਂ ਦੇ ਅਨੁਸਾਰ ਲੋਕ iPhone 11 ਦੇ ਕਾਰਨ iPhone SE 3 ਜਾਂ iPhone SE 2022 ਨੂੰ ਨਹੀਂ ਖਰੀਦ ਰਹੇ ਹਨ।

iPhone 11 2020 'ਚ ਦੁਨੀਆਂ 'ਚ ਸਭ ਤੋਂ ਵੱਧ ਵਿਕਣ ਵਾਲਾ ਫ਼ੋਨ ਸੀ। ਹੁਣ ਜਦਕਿ iPhone 11, iPhone SE 2022 ਨਾਲੋਂ 2 ਸਾਲ ਪੁਰਾਣਾ ਹੈ, ਇਹ ਕਥਿਤ ਤੌਰ 'ਤੇ ਇਸ ਦੇ ਡਿਊਲ ਕੈਮਰੇ ਤੇ ਵੱਡੀ ਸਕ੍ਰੀਨ ਕਾਰਨ ਜ਼ਿਆਦਾ ਸੇਲ 'ਚ ਰਿਹਾ ਹੈ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ iPhone 14 ਸੀਰੀਜ਼ ਦੇ ਲਾਂਚ ਹੋਣ ਤੋਂ ਬਾਅਦ iPhone 12 ਸੀਰੀਜ਼ ਦੀਆਂ ਕੀਮਤਾਂ 'ਚ ਹੋਰ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਐਪਲ ਨੇ iPhone 13 ਸੀਰੀਜ਼ ਦੇ ਲਾਂਚ ਹੋਣ ਤੋਂ ਬਾਅਦ iPhone 12 Pro ਮਾਡਲ ਨੂੰ ਬੰਦ ਕਰ ਦਿੱਤਾ ਸੀ, ਪਰ ਫ਼ੋਨ ਅਜੇ ਵੀ ਈ-ਕਾਮਰਸ ਪਲੇਟਫ਼ਾਰਮਾਂ ਤੇ ਹੋਰ ਪ੍ਰਚੂਨ ਦੁਕਾਨਾਂ 'ਤੇ ਖਰੀਦ ਲਈ ਉਪਲੱਬਧ ਹੈ।

iPhone 11 ਨੂੰ 2019 'ਚ iPhone 11 Pro ਅਤੇ iPhone 11 Pro Max ਦੇ ਨਾਲ ਲਾਂਚ ਕੀਤਾ ਗਿਆ ਸੀ। iPhone 11 6.1-ਇੰਚ ਲਿਕਵਿਡ ਰੈਟੀਨਾ LCD ਡਿਸਪਲੇਅ ਅਤੇ ਇੱਕ ਨੌਚ ਦੇ ਨਾਲ ਆਉਂਦਾ ਹੈ। ਇਹ Apple A13 ਬਾਇਓਨਿਕ ਚਿੱਪਸੈੱਟ 'ਤੇ ਕੰਮ ਕਰਦਾ ਹੈ ਤੇ ਇਸ 'ਚ ਇੱਕ ਡਿਊਲ ਰੀਅਰ ਕੈਮਰਾ ਸੈੱਟਅਪ ਹੈ, ਜਿਸ 'ਚ ਦੋ 12-ਮੈਗਾਪਿਕਸਲ ਕੈਮਰੇ ਸ਼ਾਮਲ ਹਨ।

iPhone 11 ਮੌਜੂਦਾ ਸਮੇਂ 'ਚ ਐਪਲ ਦੀ ਅਧਿਕਾਰਤ ਵੈੱਬਸਾਈਟ 'ਤੇ 49,900 ਰੁਪਏ 'ਚ ਵਿਕਰੀ ਲਈ ਉਪਲੱਬਧ ਹੈ। iPhone 11 ਦੇ ਖਰੀਦਦਾਰ Amazon ਤੇ Flipkart ਵਰਗੇ ਹੋਰ ਪਲੇਟਫ਼ਾਰਮਾਂ 'ਤੇ ਉਪਲੱਬਧ ਐਕਸਚੇਂਜ ਤੇ ਬੈਂਕ ਆਫ਼ਰਾਂ ਨਾਲ ਹੋਰ ਸਸਤੇ 'ਚ ਖਰੀਦ ਸਕਦੇ ਹਨ।