ਨਵੀਂ ਦਿੱਲੀ: ਭਾਰਤੀ ਕਾਰ ਗਾਹਕਾਂ ਲਈ ਇੱਕ ਚੰਗੀ ਖ਼ਬਰ ਹੈ। ਮਹਿੰਦਰਾ ਨੇ ਆਪਣੀਆਂ ਕਾਰਾਂ ਲੀਜ਼ 'ਤੇ ਦੇਣ ਦੀ ਯੋਜਨਾ ਬਣਾਈ ਹੈ। ਇਸ ਸਕੀਮ ਤਹਿਤ ਤੁਸੀਂ ਮਹਿੰਦਰਾ ਦੀਆਂ ਲੱਖਾਂ ਰੁਪਏ ਦੀਆਂ ਕਾਰਾਂ ਕੁਝ ਹੀ ਹਜ਼ਾਰ ਰੁਪਏ ਵਿੱਚ ਘਰ ਲਿਜਾ ਸਕਦੇ ਹੋ। ਇਹ ਸਕੀਮ ਉਨ੍ਹਾਂ ਲਈ ਲਾਹੇਵੰਦ ਹੈ ਜੋ ਕਾਰ ਖਰੀਦਣ ਦੇ ਸਮਰੱਥ ਨਹੀਂ ਹਨ। ਲੀਜ਼ ਸਕੀਮ ਤਹਿਤ ਕਾਰ ਦਾ ਰੋਡ ਟੈਕਸ, ਇੰਸ਼ੋਰੈਂਸ, ਰੋਡ ਸਾਈਡ ਅਸਿਸਟੈਂਟ, ਹਰ ਕਿਸਮ ਦੀ ਮੇਨਟੇਨੈਂਸ ਤੇ ਹੋਰ ਸਾਰੇ ਖ਼ਰਚ ਵੀ ਕੰਪਨੀ ਹੀ ਚੁੱਕੇਗੀ। ਸੌਖੇ ਸ਼ਬਦਾਂ ਵਿੱਚ ਲੀਜ਼ ਦੀ ਕਿਸ਼ਤ ਭਰ ਕੇ ਤੇਲ ਪਵਾਓ ਤੇ ਗੱਡੀ ਚਲਾਓ। ਇਸ ਸਕੀਮ ਹੇਠ ਮਹਿੰਦਰਾ ਦੀ ਕੇਯੂਵੀ 100 ਤੋਂ ਲੈ ਕੇ ਐਕਸਯੂਵੀ 500 ਤਕ ਕਾਰਾਂ ਆਉਂਦੀਆਂ ਹਨ। ਇਹ ਲੀਜ਼ ਪੰਜ ਸਾਲਾਂ ਤਕ ਦੀ ਹੋਵੇਗੀ। ਲੀਜ਼ ਦੀ ਮਿਆਦ ਪੁੱਗਣ ਤੋਂ ਬਾਅਦ ਕਾਰ ਕੰਪਨੀ ਨੂੰ ਵਾਪਸ ਕਰਨੀ ਹੋਵੇਗੀ। ਮਹਿੰਦਰਾ ਦੀ ਇਹ ਸਕੀਮ ਪੁਣੇ, ਅਹਿਮਦਾਬਾਦ, ਬੰਗਲੁਰੂ, ਹੈਦਰਾਬਾਦ, ਮੁੰਬਈ ਤੇ ਨਵੀਂ ਦਿੱਲੀ ਵਿੱਚ ਸ਼ੁਰੂ ਹੋ ਗਈ ਹੈ। ਕੰਪਨੀ ਛੇਤੀ ਹੀ ਦੇਸ਼ ਦੇ 19 ਹੋਰ ਸ਼ਹਿਰਾਂ ਵਿੱਚ ਸ਼ੁਰੂ ਕਰੇਗੀ।