ਮੰਡੀਆਂ 'ਚ ਸਰਕਾਰੀ ਪ੍ਰਬੰਧਾਂ ਦੀ ਖੁੱਲ੍ਹੀ ਪੋਲ, 15-15 ਦਿਨਾਂ ਤੋਂ ਰੁਲ ਰਹੇ ਕਿਸਾਨ
ਏਬੀਪੀ ਸਾਂਝਾ | 15 Oct 2018 12:53 PM (IST)
ਚੰਡੀਗੜ੍ਹ: ਮੰਡੀਆਂ ਵਿੱਚ ਝੋਨੇ ਦੀ ਖਰੀਦ ਦੇ ਸੁਚੱਜੇ ਪ੍ਰਬੰਧ ਕਰਨ ਦੇ ਦਾਅਵੇ ਕਰਨ ਵਾਲੀ ਕਾਂਗਰਸ ਸਰਕਾਰ ਨੇ ਖਰੀਦ ਦਾ ਅੱਧਾ ਮਹੀਨਾ ਬੀਤ ਜਾਣ ਦੇ ਬਾਵਜੂਦ ਅਜੇ ਤਕ ਸ਼ੈਲਰਾਂ ਦੀ ਚੋਣ ਨਹੀਂ ਕੀਤੀ। ਇੱਕ ਪਾਸੇ ਅਧਿਕਾਰੀ ਮਨਮਰਜ਼ੀ ਨਾਲ ਖਰੀਦ ਕਰ ਰਹੇ ਹਨ ਤੇ ਦੂਜੇ ਪਾਸੇ ਅਜੇ ਤਕ ਝੋਨੇ ਦੀ ਚੁਕਾਈ ਦਾ ਉੱਕਾ ਹੀ ਪ੍ਰਬੰਧ ਨਹੀਂ ਕੀਤਾ ਗਿਆ। ਇਸ ਕਰਕੇ ਵਿਕੀਆਂ ਢੇਰੀਆਂ ਦੀ ਰਾਖੀ ਕਰ ਰਹੇ ਕਿਸਾਨਾਂ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਮੰਡੀਆਂ ਵਿੱਚ ਝੋਨਾ ਲਿਆਉਣ ਵਾਲੇ ਕਿਸਾਨ ਕਈ ਦਿਨਾਂ ਤਕ ਫਸਲ ਦੀ ਖਰੀਦ ਦੀ ਉਡੀਕ ਕਰਦੇ ਹਨ, ਪਰ ਖਰੀਦ ਏਜੰਸੀ ਨੂੰ ਵੇਚੇ ਝੋਨੇ ਦੀ ਅੱਜ 15 ਦਿਨ ਬੀਤ ਜਾਣ ਦੇ ਬਾਵਜੂਦ ਰਾਖੀ ਕਰਨ ਨੂੰ ਮਜ਼ਬੂਰ ਹਨ। ਮੰਡੀਆਂ ਵਿਚਲੇ ਪ੍ਰਬੰਧਾਂ ਤੋਂ ਪ੍ਰੇਸ਼ਾਨ ਕਿਸਾਨ ਸਰਕਾਰਾਂ ਨੂੰ ਕੋਸ ਰਹੇ ਹਨ। ਫ਼ਿਰੋਜ਼ਪੁਰ ਮੰਡੀ ਵਿੱਚ ਬੈਠੇ ਬਹੁਤੇ ਕਿਸਾਨ ਜਿੱਥੇ ਲਿਫਟਿੰਗ ਦੀ ਉਡੀਕ ਕਰ ਰਹੇ ਹਨ, ਉੱਥੇ ਮੰਡੀ ਵਿੱਚ ਫਸਲ ਲਿਆਉਣ ਵਾਲੇ ਕਿਸਾਨ ਵੀ ਫਸਲ ਢੇਰੀ ਕਰਨ ਲਈ ਥਾਂ ਨਾ ਮਿਲਣ ਕਰਕੇ ਤੰਗ ਹਨ। ਫਿਰੋਜ਼ਪੁਰ ਜ਼ਿਲ੍ਹੇ ਵਿੱਚ 52 ਹਜ਼ਾਰ ਮੀਟਰਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ, ਪਰ ਲਿਫਟਿੰਗ ਨਾ-ਮਾਤਰ ਹੈ। ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ਵਿੱਚ ਵੇਚੇ ਹੋਏ ਮਾਲ ਦਾ ਬੋਝ ਵੀ ਕਿਸਾਨਾਂ ਦੇ ਸਿਰ ’ਤੇ ਹੀ ਪੈ ਰਿਹਾ ਹੈ ਕਿਉਂਕਿ ਮੰਡੀਆਂ ਵਿੱਚ ਜਿੰਨਾ ਮਾਲ ਘਟੇਗਾ, ਆੜ੍ਹਤੀਆਂ ਵੱਲੋਂ ਉਹ ਸਾਰਾ ਨੁਕਸਾਨ ਮੁੜ-ਘੁੜ ਕੇ ਕਿਸਾਨਾਂ ਦੇ ਸਿਰ ’ਤੇ ਹੀ ਪਾਇਆ ਜਾਂਦਾ ਹੈ। ਇਸ ਕਾਰਨ ਪਹਿਲਾਂ ਹੀ ਕਰਜ਼ੇ ਦੇ ਭਾਰ ਹੇਠ ਦੱਬਿਆ ਕਿਸਾਨ ਹੋਰ ਮੁਸ਼ਕਲ ਵਿੱਚ ਫਸ ਜਾਂਦਾ ਹੈ।