ਚੰਡੀਗੜ੍ਹ: ਸਰਕਾਰ ਵੱਲੋਂ ਆਮ ਲੋਕਾਂ `ਤੇ ਪਾਏ ਭਾਰ ਤੇ ਵਸਤਾਂ ’ਤੇ ਲਾਏ ਟੈਕਸ ਸਦਕਾ ਪੈਟਰੋਲ-ਡੀ਼ਜ਼ਲ ਦੇ ਨਾਲ-ਨਾਲ ਫਲ, ਸਬਜ਼ੀਆਂ ਇੱਥੋਂ ਤਕ ਕਿ ਬਿਜਲੀ ਦੇ ਰੇਟਾਂ ਵਿੱਚ ਵੀ ਬੇਤਹਾਸ਼ਾ ਵਾਧਾ ਹੋ ਗਿਆ ਹੈ। ਫ਼ਿਰੋਜ਼ਪੁਰ ਦੀ ਸਬਜ਼ੀ ਮੰਡੀ ਵਿੱਚੋਂ ਸਬਜ਼ੀ ਖਰੀਦਣ ਆਏ ਲੋਕਾਂ ਨੇ ‘ਏਬੀਪੀ ਸਾਂਝਾ’ ਦੀ ਟੀਮ ਨੂੰ ਕਿਹਾ ਕਿ ਫਲਾਂ ਦੇ ਨਾਲ-ਨਾਲ ਤਕਰੀਬਨ ਹਰੇਕ ਸਬਜੀ ਦੇ ਰੇਟ ਅਸਮਾਨੀ ਚੜ੍ਹੇ ਹੋਏ ਹਨ। ਇਸ ਕਰਕੇ ਹੁਣ ਲੋਕਾਂ ਨੂੰ ਆਪਣੇ ਚੁੱਲ੍ਹੇ ਬਾਲਣੇ ਵੀ ਔਖੇ ਹੋ ਰਹੇ ਹਨ। ਮੰਡੀ ਦਾ ਹਾਲ ਦੇਖ ਜਿੱਥੇ ਲੋਕਾਂ ਦੀ ਬੇਵਸੀ ਸਾਫ ਝਲਕ ਰਹੀ ਸੀ, ਉਥੇ ਮੰਡੀ ਵਿੱਚ ਬੈਠੇ ਦੁਕਾਨਦਾਰ ਵੀ ਸਰਕਾਰ ਦੀਆਂ ਨੀਤੀਆਂ ਤੋਂ ਠੱਗੇ-ਠੱਗੇ ਦਿਖਾਈ ਦੇ ਰਹੇ ਸਨ।

ਲੋਕ ਹੁਣ ਸੋਚ-ਸੋਚ ਕੇ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਨ ਲੱਗੇ ਹਨ। ਲੋਕਾਂ ਨੇ ਕਿਹਾ ਕਿ ਆਮ ਬੰਦੇ ਲਈ ਬੇਹੱਦ ਮੁਸ਼ਕਲ ਹੋ ਗਈ ਹੈ। ਇੱਕ ਪਾਸੇ ਸਰਕਾਰ ਪੈਟਰੋਲ-ਡੀਜ਼ਲ ਦੇ ਰੇਟ ਘਟਾਉਣ ਲਈ ਤਿਆਰ ਨਹੀਂ, ਦੂਜੇ ਪਾਸੇ ਗੁਆਂਢੀ ਸੂਬਿਆਂ ਨਾਲੋਂ ਕਈ ਗੁਣਾ ਵੱਧ ਰੇਟ `ਤੇ ਬਿਜਲੀ ਦੇ ਬਿੱਲ ਬਣਾ ਕੇ ਲੋਕਾਂ ਦਾ ਕਚੂਮਰ ਕੱਢਿਆ ਜਾ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਵੀ ਹੋਰਾਂ ਸੂਬਿਆਂ ਵਾਂਗ ਪੈਟਰੋਲ-ਡੀਜ਼ਲ ਤੇ ਬਿਜਲੀ ਦੇ ਰੇਟਾਂ ਨੂੰ ਘਟਾਉਣ ਦੇ ਨਾਲ-ਨਾਲ ਲੋਕਾਂ ਨੂੰ ਸਹੂਲਤ ਦੇਣ ਦੀਆਂ ਨੀਤੀਆਂ ਘੜਨਹੀਆਂ ਚਾਹੀਦੀਆਂ ਹਨ।

ਸਬਜ਼ੀ ਮੰਡੀ ਵਿੱਚ ਗਾਹਕਾਂ ਦੀ ਉਡੀਕ ਕਰ ਰਹੇ ਦੁਕਾਨਦਾਰਾਂ ਨੇ ਕਿਹਾ ਕਿ ਪੈਟਰੋਲ-ਡੀਜ਼ਲ ਦੇ ਵਧੇ ਰੇਟਾਂ ਕਰਕੇ ਬਾਹਰੋਂ ਸਬਜ਼ੀਆਂ ਦੀ ਆਮਦ ਕਾਫੀ ਘਟੀ ਹੈ। ਜੇ ਕੋਈ ਥੋੜ੍ਹੀ-ਬਹੁਤ ਆਉਂਦੀ ਵੀ ਹੈ ਤਾਂ ਉਹ ਕਿਰਾਏ-ਭਾੜੇ ਤੇ ਟੈਕਸਾਂ ਕਰਕੇ ਹੋਰ ਮਹਿੰਗੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕ ਹਿੱਤ ਵਿੱਚ ਫੈਸਲੇ ਲੈਣ ਦੇ ਦਾਅਵਿਆਂ ਨਾਲ ਸੱਤਾ ਵਿੱਚ ਆਈ ਪੰਜਾਬ ਸਰਕਾਰ ਹੁਣ ਲੋਕਾਂ ਨੂੰ ਰਾਹਤ ਕਿਉਂ ਨਹੀਂ ਦੇ ਰਹੀ?

ਭਾਵੇਂ ਹਰਿਆਣਾ ਦੀ ਭਾਜਪਾ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਸਮੇਤ ਕਈ ਸੂਬਿਆਂ ਵਿੱਚ ਬਿਜਲੀ ਦੇ ਰੇਟ ਇੱਕ-ਦੋ ਰੁਪਏ ਹਨ, ਪਰ ਪੰਜਾਬ ਵਿੱਚ ਉਹੀ ਬਿਜਲੀ 9 ਤੋਂ 10 ਰੁਪਏ ਵਿੱਚ ਦਿੱਤੀ ਜਾ ਰਹੀ ਹੈ। ਸਿਰਫ ਬਿਜਲੀ ਜਾਂ ਪੈਟਰੋਲ-ਡੀਜ਼ਲ ਹੀ ਨਹੀਂ, ਫ਼ਲਾਂ ਦੇ ਨਾਲ-ਨਾਲ ਹੁਣ ਸਬਜ਼ੀਆਂ ਵੀ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ।