ਫਰੀਦਕੋਟ: ਬਹਿਬਲ ਕਲਾਂ ਗੋਲੀ ਕਾਂਡ ਦੀ ਤੀਜੀ ਬਰਸੀ ਮੌਕੇ ਅੱਜ ਜਿੱਥੇ ਸ਼੍ਰੋਮਣੀ ਅਕਾਲੀ ਦਲ ਤੇ ਕੈਪਟਨ ਸਰਕਾਰ ਖਿਲਾਫ ਰੋਸ ਵੇਖਣ ਨੂੰ ਮਿਲਿਆ ਉੱਥੇ ਸਮਾਗਮ ਵਿੱਚ ਖਾਲਿਸਤਾਨ ਦੇ ਨਾਅਰੇ ਵੀ ਗੂੰਜੇ। ਇਸ ਬਾਰੇ ਆਮ ਆਦਮੀ ਪਾਰਟੀ ਦੇ ਬਾਗੀ ਲੀਡਰ ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਇਸ ਦੇ ਹੱਕ ਵਿੱਚ ਨਹੀਂ। ਉਨ੍ਹਾਂ ਕਿਹਾ ਕਿ ਲੋਕ ਅਮਨ-ਅਮਾਨ ਨਾਲ ਇਨਸਾਫ ਮੰਗ ਰਹੇ ਹਨ। ਲੋਕਾਂ ਵਿੱਚ ਅਕਾਲੀ ਦਲ ਤੇ ਕੈਪਟਨ ਸਰਕਾਰ ਖਿਲਾਫ ਰੋਸ ਹੈ।
ਅੱਜ ਸਿੱਖ ਸੰਗਤਾਂ ਵੱਲੋਂ ਬਰਗਾੜੀ ਵਿਖੇ 'ਲਾਹਨਤ ਦਿਹਾੜਾ' ਮਨਾਇਆ ਗਿਆ ਤੇ ਦੂਜੇ ਪਾਸੇ ਬਹਿਬਲ ਕਲਾਂ ਗੋਲ਼ੀ ਕਾਂਡ ਵਿੱਚ ਮਾਰੇ ਗਏ ਹਰਕਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸਰਵਾਂ ਦੀ ਉਨ੍ਹਾਂ ਦੇ ਜੱਦੀ ਪਿੰਡਾਂ ਬਹਿਬਲ ਖੁਰਦ ਤੇ ਸਰਾਵਾਂ ਵਿਖੇ ਬਰਸੀ ਮਨਾਈ ਗਈ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਪਹੁੰਚੇ।
ਅੱਜ ਦੇ ਪ੍ਰੋਗਰਾਮ ਵਿੱਚ ਜਥੇਦਾਰ ਧਿਆਨ ਸਿੰਘ ਮੰਡ, ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਸਿਮਰਨਜੀਤ ਮਾਨ, ਆਮ ਆਦਮੀ ਪਾਰਟੀ ਦੇ ਭਗਵੰਤ ਮਾਨ, ਹਰਪਾਲ ਚੀਮਾ, ਸੁਖਪਾਲ ਖਹਿਰਾ, ਬਲਜਿੰਦਰ ਕੌਰ, ਆਪਣਾ ਪੰਜਾਬ ਪਾਰਟੀ ਦੇ ਸੁੱਚਾ ਸਿੰਘ ਛੋਟੇਪੁਰ ਤੇ ਜਗਮੀਤ ਸਿੰਘ ਬਰਾੜ ਪਹੁੰਚੇ। ਇਸ ਮੌਕੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਮਾਰੇ ਗਏ ਹਰਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਕਿਹਾ ਸਰਕਾਰ ਤੋਂ ਕੋਈ ਉਮੀਦ ਨਹੀਂ ਤੇ ਨਾ ਹੀ ਨਵੀਂ ਬਣੀ ਐਸਆਈਟੀ ਤੋਂ। ਇਸ ਲਈ ਉਹ ਮੰਗ ਕਰਦੇ ਨੇ ਕਿ ਸਰਕਾਰ ਇਨਸਾਫ ਦੇਵੇ ਤੇ ਸਰਕਾਰ ਨੂੰ ਦੇਣਾ ਹੀ ਪੈਣਾ ਹੈ।
ਇਸ ਮੌਕੇ ਸਮਾਜਸੇਵੀ ਲੱਖਾ ਸਿਧਾਣਾ ਨੇ ਕਿਹਾ ਕਿ ਲੋਕਾਂ ਨੂੰ ਅਸਲੀ ਰਾਹ ਵਿਖਾਉਣ ਵਾਲਾ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਟਾਈਮ ਮਰਜ਼ੀ ਇਹ ਇਨਸਾਫ ਮੋਰਚਾ ਲੱਗਿਆ ਰਹੇ ਪਰ ਕਿਸੇ ਨੇ ਸੰਗਤਾਂ ਨੂੰ ਇਨਸਾਫ ਨਹੀਂ ਦੇਣਾ। ਲੋੜ ਹੈ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਉਨ੍ਹਾਂ ਦੇ ਦਿਲੀ ਠੰਢ ਪਾਉਣ ਦੀ। ਉਨ੍ਹਾਂ ਨਾਲ ਹੀ ਲੋਕਾਂ ਨੂੰ ਕਿਹਾ ਕਿ ਕਿਤੇ ਨਾ ਕਿਤੇ ਸਾਡਾ ਵੀ ਕਸੂਰ ਹੈ। ਅਸੀਂ ਵੀ ਫੈਸਲਾ ਲੈਣ ਤੋਂ ਪਹਿਲਾਂ ਕੁਝ ਸੋਚਦੇ ਨਹੀਂ। ਉਨ੍ਹਾਂ ਕਿਹਾ ਕਿ ਜਿੰਨੇ ਮਰਜ਼ੀ ਇਕੱਠ ਕਰਕੇ ਸਰਕਾਰਾਂ ਨੂੰ ਦਿਖਾ ਦਈਏ ਪਰ ਸਰਕਾਰਾਂ ਬਿਲਕੁਲ ਹੀ ਦੱਬਣਗੀਆਂ ਨਹੀਂ।