ਫਰੀਦਕੋਟ: ਬਰਗਾੜੀ ਮੋਰਚਾ ਨੂੰ ਪੰਜਾਬੀਆਂ ਦੀ ਮਿਲੀ ਵੱਡੀ ਹਮਾਇਤ ਤੋਂ ਬਾਅਦ ਪੰਜਾਬ ਸਰਕਾਰ ਵੀ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਲਈ ਸਰਗਰਮ ਹੋ ਗਈ ਹੈ। ਸੱਤ ਅਕਤੂਬਰ ਦੇ ਰੋਸ ਮਾਰਚ ਵਿੱਚ ਸਿੱਖ ਸੰਗਤਾਂ ਦੇ ਰੋਹ ਨੂੰ ਵੇਖਦਿਆਂ ਅੱਜ ਕਾਂਗਰਸ ਦੇ ਮੰਤਰੀ ਖੁਦ ਬਰਗਾੜੀ ਮੋਰਚਾ ਦੇ ਸਮਾਗਮਾਂ ਵਿੱਚ ਪਹੁੰਚੇ। ਇਹ ਸਮਾਗਮ ਬਹਿਬਲ ਗੋਲੀ ਕਾਂਡ ਦੀ ਤੀਜੀ ਬਰਸੀ ਮੌਕੇ ਕਰਵਾਏ ਗਏ ਹਨ।

 

ਇੱਥੇ ਪਹੁੰਚੇ ਕਾਂਗਰਸੀ ਮੰਤਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ। ਇਸ ਘਟਨਾ ਦੇ ਸਾਰੇ ਦੋਸ਼ੀਆਂ ਨੂੰ ਜਲਦ ਸਲਾਖ਼ਾਂ ਪਿੱਛੇ ਡੱਕਿਆ ਜਾਵੇਗਾ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਆਧਾਰਤ ਚਾਰ ਮੈਂਬਰੀ ਵਫ਼ਦ ਪਿੰਡ ਬਹਿਬਲ ਖ਼ੁਰਦ ਤੇ ਸਰਾਂਵਾਂ ਦੇ ਦੋ ਨੌਜਵਾਨਾਂ ਦੀ ਬਰਸੀ ਮੌਕੇ ਪਿੰਡ ਬਹਿਬਲ ਖ਼ੁਰਦ ਤੇ ਸਰਾਂਵਾਂ ਪਹੁੰਚਿਆ। ਇਨ੍ਹਾਂ ਨੌਜਵਾਨਾਂ ਦੀ 14 ਅਕਤੂਬਰ, 2015 ਨੂੰ ਬਹਿਬਲ ਗੋਲੀ ਕਾਂਡ ਵਿੱਚ ਮੌਤ ਹੋਈ ਸੀ।

ਇਸ ਮੌਕੇ ਕਾਂਗਰਸੀ ਲੀਡਰਾਂ ਨੇ ਪਿੰਡ ਬਹਿਬਲ ਖ਼ੁਰਦ ਵਿੱਚ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਤੇ ਪਰਿਵਾਰਕ ਮੈਂਬਰਾਂ ਤੇ ਪਿੰਡ ਸਰਾਵਾਂ ਵਿੱਚ ਸ਼ਹੀਦ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਬਾਜਵਾ ਨੇ ਕਿਹਾ ਕਿ 14 ਅਕਤੂਬਰ, 2015 ਨੂੰ ਵਾਪਰੇ ਬਹਿਬਲ ਗੋਲੀ ਕਾਂਡ ਨੂੰ ਉਸ ਸਮੇਂ ਦੀ ਸਰਕਾਰ ਵੱਲੋਂ ਟਾਲਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਤੇ ਮੰਦਭਾਗੀ ਘਟਨਾ ਸੀ। ਪੰਜਾਬ ਸਰਕਾਰ ਵੱਲੋਂ ਆਪਣੇ ਵਾਅਦੇ ਅਨੁਸਾਰ ਇਸ ਘਟਨਾ ਦੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਸਥਾਪਨਾ ਕੀਤੀ ਗਈ, ਜਿਸ ਵੱਲੋਂ ਆਪਣੀ ਰਿਪੋਰਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਜਲਦ ਸਲਾਖ਼ਾਂ ਪਿੱਛੇ ਹੋਣਗੇ ਤੇ ਇਸ ਲਈ ਸਰਕਾਰ ਨੂੰ ਜੇਕਰ ਕੋਰਟ ਵਿੱਚ ਕੋਈ ਹੋਰ ਕਾਨੂੰਨੀ ਚਾਰਾਜੋਈ ਵੀ ਕਰਨੀ ਪਈ ਤਾਂ ਸਰਕਾਰ ਉਸ ਤੋਂ ਵੀ ਪਿੱਛੇ ਨਹੀਂ ਹਟੇਗੀ।

ਆਮ ਆਦਮੀ ਪਾਰਟੀ ਦੇ ਵਿਧਾਇਕ ਐਚਐਸ ਫੂਲਕਾ ਵੱਲੋਂ ਬਰਗਾੜੀ ਕਾਂਡ ਸਬੰਧੀ ਦਿੱਤੇ ਗਏ ਅਸਤੀਫ਼ੇ ਬਾਰੇ ਉਨ੍ਹਾਂ ਕਿਹਾ ਕਿ ਫੂਲਕਾ ਇਸ ਧਾਰਮਿਕ ਘਟਨਾ 'ਤੇ ਵੀ ਆਪਣੀ ਸਿਆਸਤ ਚਮਕਾ ਰਹੇ ਹਨ। ਅਸਤੀਫ਼ਿਆਂ ਨਾਲ਼ ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲਣਾ। ਦਿਲਚਸਪ ਗੱਲ਼ ਹੈ ਕਿ ਕਾਂਗਰਸ ਲੀਡਰਾਂ ਦੀ ਬਰਗਾੜੀ ਮੋਰਚਾ ਬਾਰੇ ਵੀ ਸੁਰ ਨਰਮ ਨ਼ਰ ਆਈ। ਉਨ੍ਹਾਂ ਕਿਹਾ ਕਿ ਪੰਥਕ ਧਿਰਾਂ ਵੱਲੋਂ ਬਰਗਾੜੀ ਵਿੱਚ ਲਾਇਆ ਮੋਰਚਾ ਉਨ੍ਹਾਂ ਦਾ ਜਮਹੂਰੀ ਹੱਕ ਹੈ। ਇਸ ਲਈ ਉਹ ਇਸ ਬਾਰੇ ਹੋਰ ਕੁਝ ਨਹੀਂ ਕਹਿਣਗੇ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਇਨ੍ਹਾਂ ਨੂੰ ਅੱਤਵਾਦੀ ਤੱਕ ਕਹਿ ਦਿੱਤਾ ਸੀ।