ਚੰਡੀਗੜ੍ਹ: ਮਾਰੂਤੀ ਸਜ਼ੂਕੀ ਇੰਡੀਆ ਦੀਆਂ ਕਾਰਾਂ ਦੇ ਨਵੇਂ ਕ੍ਰੈਸ਼ ਟੈਸਟ ਦਾ ਨਤੀਜਾ ਸਾਹਮਣੇ ਆ ਗਿਆ ਹੈ। ਦੇਸ਼ ਦੀ ਸਭ ਤੋ ਵੱਡੀ ਕਾਰ ਕੰਪਨੀ ਮਾਰੂਤੀ ਦੀਆਂ 15 ਵਿੱਚੋਂ ਮਹਿਜ਼ 9 ਕਾਰਾਂ ਹੀ ਵ੍ਹੀਲਜ਼ ਸੇਫਟੀ ਦੇ ਨਵੇਂ ਸੁਰੱਖਿਆ ਨਿਯਮ ਦੇ ਟੈਸਟ ਪਾਸ ਕਰ ਸਕੀਆਂ ਹਨ। WagonR ਤੇ ਆਲਟੋ ਸਣੇ ਦੂਜੀਆਂ ਕਾਰਾਂ ਵੀ ਟੈਸਟ ਵਿੱਚ ਫੇਲ੍ਹ ਹੋ ਗਈਆਂ ਹਨ। ਨਵੇਂ ਕ੍ਰੈਸ਼ ਟੈਸਟ ਨਿਯਮਾਂ ਵਿੱਚ ਫੁੱਲ ਫਰੰਟਲ, ਆਫਸੈੱਟ ਫਰੰਟ ਤੇ ਸਾਈਡ ਇੰਪੈਕਟ ਪ੍ਰੋਟੈਕਸ਼ਨ ਸ਼ਾਮਲ ਹੈ। ਨਵੇਂ ਨਿਯਮਾਂ ਦਾ ਮਕਸਦ ਇੰਡੀਅਨ ਵ੍ਹੀਲਜ਼ ਨੂੰ ਕੌਮਾਂਤਰੀ ਸੇਫਟੀ ਸਟੈਂਡਰਡ ’ਤੇ ਲੈ ਕੇ ਜਾਣਾ ਹੈ। ਪਹਿਲੀ ਅਕਤੂਬਰ, 2019 ਤੋਂ ਸਾਰੀਆਂ ਕਾਰਾਂ ਲਈ ਨਵੇਂ ਸੁਰੱਖਿਆ ਨਿਯਮ ਜ਼ਰੂਰੀ ਹੋਣਗੇ। ਸਾਰੀਆਂ ਕੰਪਨੀਆਂ ਦੀਆਂ ਨਵੀਆਂ ਕਾਰਾਂ ਨੂੰ BNVSAP ਕ੍ਰੈਸ਼ ਪ੍ਰੋਟੈਕਸ਼ਨ ਨਿਯਮਾਂ ਨਾਲ ਬਾਜ਼ਾਰ ’ਚ ਉਤਾਰਿਆ ਜਾਏਗਾ। ਟੈਸਟ ਵਿੱਚੋਂ ਫੇਲ੍ਹ ਹੋਈਆਂ ਕਾਰਾਂ ਦੇ ਮਾਡਲਾਂ ਵਿੱਚ ਓਮਨੀ, ਜਿਪਸੀ ਈਕੋ, ਵੈਗਨਆਰ ਤੇ ਆਲਟੋ ਦਾ ਨਾਂ ਸ਼ਾਮਲ ਹੈ। ਫੇਲ੍ਹ ਹੋਏ ਮਾਡਲਾਂ ਨੂੰ ਜਾਂ ਤਾਂ ਬੰਦ ਕਰ ਦਿੱਤਾ ਜਾਏਗਾ, ਜਾਂ ਫਿਰ ਸੇਫਟੀ ਸਟੈਂਡਰਡ ਦੇ ਹਿਸਬ ਨਾਲ ਅਪਡੇਟ ਕੀਤਾ ਜਾਏਗਾ। ਕ੍ਰੈਸ਼ ਟੈਸਟ ਵਿੱਚ ਸਲੈਰੀਓ, ਇਗਨਿਸ, ਸਵਿਫਟ, ਡਿਜ਼ਾਇਰ, ਅਰਟਿਗਾ, ਬਲੈਨੋ, ਵਿਟਾਰਾ ਬਰੀਜ਼ਾ, ਸ਼ਿਆਜ ਤੇ ਐਸ ਕਰਾਸ ਪਾਸ ਹੋਈਆਂ ਹਨ। ਮਾਰੂਤੀ ਪਹਿਲਾਂ ਹੀ ਆਲਟੋ ਤੇ ਵੈਗਨਆਰ ਦੇ ਨਵੇਂ ਵਰਸ਼ਨਾਂ ’ਤੇ ਕੰਮ ਕਰ ਰਹੀ ਹੈ। ਹਾਲਾਂਕਿ ਓਮਨੀ, ਈਕੋ ਤੇ ਜਿਪਸੀ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਹ ਤਿੰਨੇ ਕੰਪਨੀ ਦੇ ਬੇਸਿਕ ਮਾਡਲ ਹਨ।