ਅੰਮ੍ਰਿਤਸਰ: ਕੈਮਿਸਟਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਤਹਿਤ ਪੰਜਾਬ ਦੇ ਤਕਰੀਬਨ 25,000 ਕੈਮਿਸਟਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਇਸ ਨਾਲ ਮਰੀਜ਼ਾਂ ਨੂੰ ਦਿੱਕਤਾਂ ਆਈਆਂ। ਕੈਮਿਸਟਾਂ ਨੇ ਇਲਜ਼ਾਮ ਲਾਇਆ ਕਿ ਸਰਕਾਰ ਉਨ੍ਹਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕਰ ਰਹੀ ਹੈ।
ਅੰਮ੍ਰਿਤਸਰ 'ਚ ਪੂਰਨ ਬੰਦ
ਅੰਮ੍ਰਿਤਸਰ ਦੀਆਂ ਦੋ ਹਜ਼ਾਰ ਤੋਂ ਵੱਧ ਰਿਟੇਲ ਤੇ ਹੋਲਸੇਲ ਕੈਮਿਸਟ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹੀਆਂ। ਕੈਮਿਸਟ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਤਿੰਨ ਮੁੱਖ ਮੰਗਾਂ ਹਨ ਜਿਸ ਸਬੰਧੀ ਉਨ੍ਹਾਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਨਾਜਾਇਜ਼ ਤੌਰ 'ਤੇ ਕੈਮਿਸਟ ਦੀਆਂ ਦੁਕਾਨਾਂ 'ਤੇ ਛਾਪੇ ਮਾਰ ਰਹੀ ਹੈ। ਪੰਜਾਬ ਵਿੱਚ ਹੁਣ ਤੱਕ 1400 ਦੇ ਕਰੀਬ ਕੈਮਿਸਟ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਹੋ ਚੁੱਕੀ ਹੈ। ਸਿਰਫ ਦੋ ਜਾਂ ਤਿੰਨ ਦੁਕਾਨਾਂ ਤੋਂ ਹੀ ਨਸ਼ੀਲੀਆਂ ਦਵਾਈਆਂ ਬਰਾਮਦ ਹੋਈਆਂ ਹਨ। ਇਸ ਕਾਰਨ ਕੈਮਿਸਟ ਦੁਕਾਨਦਾਰਾਂ ਦੀ ਬਦਨਾਮੀ ਹੋ ਰਹੀ ਹੈ।
ਕੈਮਿਸਟ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਰਾਜੇਸ਼ ਸੋਹੀ ਦਾ ਕਹਿਣਾ ਹੈ ਕਿ ਸਰਕਾਰ ਇੱਕ ਵਾਰ ਲਿਖਤੀ ਤੌਰ 'ਤੇ ਦੱਸ ਦੇਵੇ ਕਿ ਕਿਹੜੀਆਂ ਦਵਾਈਆਂ ਨਹੀਂ ਵੇਚਣੀਆਂ, ਉਹ ਨਹੀਂ ਵੇਚਣਗੇ। ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਇਹ ਵੀ ਕਹਿਣਾ ਹੈ ਕਿ ਪੁਲਿਸ ਸਰਿੰਜਾਂ ਵੇਚਣ ਤੋਂ ਮਨ੍ਹਾ ਕਰ ਰਹੀ ਹੈ ਜਦਕਿ ਸਰਿੰਜਾਂ ਆਨਲਾਈਨ ਸ਼ਰੇਆਮ ਵਿਕ ਰਹੀਆਂ ਹਨ।