Mozilla Firefox, CERT-In Warning: ਵੈੱਬ ਬ੍ਰਾਊਜ਼ਰ Mozilla Firefox ਵਿਚ ਇਕ ਵੱਡੀ ਖਾਮੀ ਬਾਰੇ ਅਪਡੇਟ ਕੀਤਾ ਗਿਆ ਹੈ। ਭਾਰਤ ਦੀ ਸਾਈਬਰ ਸੁਰੱਖਿਆ ਏਜੰਸੀ, ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਮੋਜ਼ੀਲਾ ਫਾਇਰਫਾਕਸ ਬ੍ਰਾਊਜ਼ਰ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਸੀਈਆਰਟੀ-ਇਨ ਦਾ ਕਹਿਣਾ ਹੈ ਕਿ ਇਨ੍ਹਾਂ ਖਾਮੀਆਂ ਦਾ ਫਾਇਦਾ ਉਠਾ ਕੇ ਹੈਕਰ ਤੁਹਾਡੇ ਕੰਪਿਊਟਰ 'ਤੇ ਹਮਲਾ ਕਰ ਸਕਦੇ ਹਨ ਅਤੇ ਡਾਟਾ ਚੋਰੀ ਕਰ ਸਕਦੇ ਹਨ। ਇਹ ਸਮੱਸਿਆ ਫਾਇਰਫਾਕਸ ਦੇ ਪੁਰਾਣੇ ਵਰਜਨ, ਥੰਡਰਬਰਡ ਈਮੇਲ ਅਤੇ ESR ਵਰਜਨ ਵਿੱਚ ਵੀ ਸਾਹਮਣੇ ਆਈ ਹੈ।



ਸਾਈਬਰ ਸੁਰੱਖਿਆ ਏਜੰਸੀ ਸੀਈਆਰਟੀ-ਇਨ ਨੇ ਆਪਣੀ ਚਿਤਾਵਨੀ ਵਿੱਚ ਕਿਹਾ ਹੈ ਕਿ ਫਾਇਰਫਾਕਸ 131 ਤੋਂ ਪਹਿਲਾਂ ਦੇ ਵਰਜਨ, ਥੰਡਰਬਰਡ 128.3 ਅਤੇ 131 ਤੋਂ ਪਹਿਲਾਂ ਦੇ ਵਰਜਨ ਅਤੇ ਫਾਇਰਫਾਕਸ ਈਐਸਆਰ 128.3 ਅਤੇ 115.16 ਤੋਂ ਪਹਿਲਾਂ ਦੇ ਵਰਜਨ ਬਹੁਤ ਜੋਖਮ ਭਰੇ ਹਨ। ਹੈਕਰ ਇਹਨਾਂ ਖਾਮੀਆਂ ਦਾ ਫਾਇਦਾ ਉਠਾ ਸਕਦੇ ਹਨ ਅਤੇ ਤੁਹਾਡੇ ਬ੍ਰਾਊਜ਼ਰ ਦੀ ਸੁਰੱਖਿਆ ਦੀ ਉਲੰਘਣਾ ਕਰ ਸਕਦੇ ਹਨ। ਇੰਨਾ ਹੀ ਨਹੀਂ, ਹੈਕਰ ਫਰਜ਼ੀ ਵੈੱਬਸਾਈਟਾਂ ਰਾਹੀਂ ਤੁਹਾਡੇ ਡੇਟਾ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ।



ਹੈਕਰ ਗਲਤ ਫਾਈਲਾਂ ਡਾਊਨਲੋਡ ਕਰਵਾ ਸਕਦੇ ਹਨ


CERT-In ਦੇ ਅਨੁਸਾਰ, ਹੈਕਰ ਗਲਤ ਫਾਈਲਾਂ ਡਾਊਨਲੋਡ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਕਲਿੱਕਜੈਕਿੰਗ ਰਾਹੀਂ ਵੀ ਸਿਸਟਮ 'ਤੇ ਹਮਲਾ ਕਰ ਸਕਦੇ ਹੋ। ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ CERT-In ਨੇ ਫਾਇਰਫਾਕਸ ਅਤੇ ਥੰਡਰਬਰਡ ਉਪਭੋਗਤਾਵਾਂ ਨੂੰ ਆਪਣੇ ਸਾਫਟਵੇਅਰ ਨੂੰ ਤੁਰੰਤ ਅਪਡੇਟ ਕਰਨ ਲਈ ਕਿਹਾ ਹੈ। ਹੈਕਰ ਕੁਝ ਕਿਸਮ ਦੀਆਂ ਵੈਬ ਟ੍ਰਾਂਸਪੋਰਟ ਬੇਨਤੀਆਂ ਭੇਜ ਕੇ ਤੁਹਾਡੇ ਸਿਸਟਮ 'ਤੇ DoS ਹਮਲਾ ਕਰ ਸਕਦੇ ਹਨ। ਇਸ ਦਾ ਮਤਲਬ ਹੈ ਕਿ ਇਹ ਹੈਕਰ ਤੁਹਾਡੇ ਕੰਪਿਊਟਰ ਜਾਂ ਸਰਵਰ 'ਤੇ ਇੰਨੇ ਜ਼ਿਆਦਾ ਮੈਸਿਜ ਭੇਜ ਦੇਣਗੇ ਕਿ ਇਹ ਕੰਮ ਕਰਨਾ ਬੰਦ ਕਰ ਦੇਵੇਗਾ ਅਤੇ ਤੁਸੀਂ ਇਸ ਦੀ ਵਰਤੋਂ ਨਹੀਂ ਕਰ ਸਕੋਗੇ।



ਇਸ ਤਰ੍ਹਾਂ ਦੇ ਸਾਫਟਵੇਅਰ ਨੂੰ ਅਪਡੇਟ ਕਰੋ


ਸੌਫਟਵੇਅਰ ਨੂੰ ਅਪਡੇਟ ਕਰਨ ਲਈ, ਪਹਿਲਾਂ ਫਾਇਰਫਾਕਸ ਜਾਂ ਥੰਡਰਬਰਡ ਵਿੱਚ ਮੀਨੂ ਨੂੰ ਖੋਲ੍ਹੋ। ਇਸ ਤੋਂ ਬਾਅਦ 'ਹੈਲਪ' ਸੈਕਸ਼ਨ 'ਤੇ ਜਾਓ ਅਤੇ  'About Firefox' ਜਾਂ 'About Thunderbird' ਉਤੇ ਕਲਿੱਕ ਕਰੋ। ਅੱਪਡੇਟ ਨੂੰ ਇੱਥੇ ਡਾਊਨਲੋਡ ਅਤੇ ਇੰਸਟਾਲ ਕਰੋ। ਅੱਪਡੇਟ ਪੂਰਾ ਹੋਣ 'ਤੇ ਤੁਸੀਂ ਇੱਕ ਹਰੇ ਨਿਸ਼ਾਨ ਦੇਖੋਗੇ। ਇਸ ਤੋਂ ਬਾਅਦ ਤੁਸੀਂ ਬ੍ਰਾਊਜ਼ਰ ਦੀ ਸੁਰੱਖਿਅਤ ਵਰਤੋਂ ਕਰ ਸਕੋਗੇ।