PAN 2.0 Scam: ਜੇ ਤੁਹਾਡੇ ਇਨਬੌਕਸ ਵਿੱਚ ਅਜਿਹੀ ਈਮੇਲ ਆਵੇ ਜਿਸ ਵਿੱਚ ਲਿਖਿਆ ਹੋਵੇ– "ਤੁਹਾਡਾ ਨਵਾਂ PAN 2.0 ਤਿਆਰ ਹੈ, ਇੱਥੇ ਕਲਿੱਕ ਕਰਕੇ ਡਾਊਨਲੋਡ ਕਰੋ" ਤਾਂ ਸਾਵਧਾਨ ਹੋ ਜਾਓ। ਇਹ ਕੋਈ ਸਰਕਾਰੀ ਜਾਣਕਾਰੀ ਨਹੀਂ, ਬਲਕਿ ਇੱਕ ਖਤਰਨਾਕ ਫਿਸ਼ਿੰਗ ਸਕੈਮ ਹੈ। ਸਰਕਾਰ ਦੇ ਪ੍ਰੈਸ ਇਨਫੋਰਮੇਸ਼ਨ ਬਿਊਰੋ (PIB) ਅਤੇ Income Tax Department ਦੋਹਾਂ ਨੇ ਅਜਿਹੀ ਈਮੇਲ ਨੂੰ ਪੂਰੀ ਤਰ੍ਹਾਂ ਫਰਜ਼ੀ ਕਰਾਰ ਦਿੱਤਾ ਹੈ। ਇਸਦਾ ਅਸਲ ਮਕਸਦ ਤੁਹਾਡੀ ਨਿੱਜੀ ਅਤੇ ਵਿੱਤੀ ਜਾਣਕਾਰੀ ਨੂੰ ਚੋਰੀ ਕਰਨਾ ਹੈ।
PAN 2.0 ਸਕੈਮ ਕੀ ਹੈ?
ਇਸ ਠੱਗੀ 'ਚ ਲੋਕਾਂ ਨੂੰ ਇੱਕ ਜਾਲਸਾਜ਼ੀ ਭਰੀ ਈਮੇਲ ਭੇਜੀ ਜਾਂਦੀ ਹੈ, ਜਿਸ ਵਿੱਚ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਸਰਕਾਰ ਨੇ ਇੱਕ ਨਵਾਂ ਅੱਪਡੇਟਿਡ ਈ-ਪੈਨ ਕਾਰਡ ਲਾਂਚ ਕੀਤਾ ਹੈ, ਜਿਸਨੂੰ 'PAN 2.0' ਕਿਹਾ ਜਾ ਰਿਹਾ ਹੈ। ਈਮੇਲ ਵਿੱਚ ਇੱਕ QR ਕੋਡ ਹੁੰਦਾ ਹੈ ਅਤੇ ਕੁਝ ਹੱਦ ਤੱਕ ਸਰਕਾਰੀ ਡਿਜ਼ਾਈਨ ਵਰਗਾ ਲੁੱਕ ਦਿਤਾ ਜਾਂਦਾ ਹੈ। ਨਾਲ ਹੀ, ਇੱਕ ਲਿੰਕ ਦਿੱਤਾ ਜਾਂਦਾ ਹੈ ਜਿੱਥੋਂ ਇਹ ਕਥਿਤ PAN 2.0 ਡਾਊਨਲੋਡ ਕਰਨ ਲਈ ਕਿਹਾ ਜਾਂਦਾ ਹੈ। ਪਰ ਇਹ ਲਿੰਕ ਤੁਹਾਨੂੰ ਕਿਸੇ ਸਰਕਾਰੀ ਵੈੱਬਸਾਈਟ 'ਤੇ ਨਹੀਂ, ਬਲਕਿ ਠੱਗਾਂ ਦੀ ਬਣਾਈ ਹੋਈ ਫਰਜ਼ੀ ਸਾਈਟ 'ਤੇ ਲੈ ਜਾਂਦਾ ਹੈ।
ਇਹ ਸਕੈਮ ਇੰਨਾ ਖਤਰਨਾਕ ਕਿਉਂ ਹੈ?
ਇਹ ਠੱਗੀ ਵਾਲੀਆਂ ਈਮੇਲਾਂ ਦੇਖਣ ਵਿੱਚ ਬਿਲਕੁਲ ਅਸਲੀ ਲੱਗਦੀਆਂ ਹਨ — ਭਾਸ਼ਾ, ਡਿਜ਼ਾਈਨ, ਲੋਗੋ ਆਦਿ ਸਭ ਕੁਝ ਸਰਕਾਰੀ ਢੰਗ ਵਰਗਾ ਹੁੰਦਾ ਹੈ। ਜਿਵੇਂ ਹੀ ਤੁਸੀਂ ਉਸ ਫਰਜ਼ੀ ਵੈੱਬਸਾਈਟ 'ਤੇ ਆਪਣੀ ਜਾਣਕਾਰੀ ਜਿਵੇਂ ਕਿ ਨਾਮ, PAN ਨੰਬਰ, ਆਧਾਰ ਨੰਬਰ, ਬੈਂਕ ਡੀਟੇਲਜ਼ ਜਾਂ ਪਾਸਵਰਡ ਦਿੰਦੇ ਹੋ, ਤਾਂ ਤੁਹਾਡੇ ਖਾਤੇ 'ਚੋਂ ਪੈਸੇ ਲੁੱਟੇ ਜਾ ਸਕਦੇ ਹਨ ਜਾਂ ਤੁਹਾਡੀ ਪਛਾਣ ਦਾ ਗਲਤ ਇਸਤੇਮਾਲ ਕੀਤਾ ਜਾ ਸਕਦਾ ਹੈ। ਸਿਰਫ ਇੱਕ ਕਲਿੱਕ ਤੁਹਾਡੀ ਪੂਰੀ ਡਿਜੀਟਲ ਸੁਰੱਖਿਆ ਨੂੰ ਖਤਰੇ 'ਚ ਪਾ ਸਕਦਾ ਹੈ।
ਸਕੈਮ ਤੋਂ ਕਿਵੇਂ ਬਚਿਆ ਜਾਵੇ?
ਕਿਸੇ ਵੀ ਈਮੇਲ ਵਿੱਚ ਦਿੱਤੇ ਲਿੰਕ ਜਾਂ ਅਟੈਚਮੈਂਟ 'ਤੇ ਜਾਂਚੇ ਬਿਨਾਂ ਕਦੇ ਵੀ ਕਲਿੱਕ ਨਾ ਕਰੋ। ਜੇਕਰ ਵੈੱਬਸਾਈਟ ਦਾ ਐਡਰੈੱਸ '.gov.in' ਨਾਲ ਖਤਮ ਨਹੀਂ ਹੁੰਦਾ, ਤਾਂ ਸਮਝ ਲਵੋ ਕਿ ਉਹ ਸਰਕਾਰੀ ਨਹੀਂ ਹੈ। ਡਰ ਜਾਂ ਜਲਦਬਾਜ਼ੀ ਵਿੱਚ ਕੋਈ ਕਦਮ ਨਾ ਚੁੱਕੋ। ਕਿਸੇ ਵੀ ਅਣਜਾਣੀ ਵੈੱਬਸਾਈਟ 'ਤੇ ਆਪਣੀ ਨਿੱਜੀ ਜਾਣਕਾਰੀ ਭਰਣ ਤੋਂ ਬਚੋ।
ਕੀ ਸਰਕਾਰ ਨੇ ਸੱਚਮੁੱਚ PAN 2.0 ਜਾਰੀ ਕੀਤਾ ਹੈ?
ਜਾਣਕਾਰੀ ਲਈ ਦੱਸਣਾ ਚਾਹੀਦਾ ਹੈ ਕਿ ਹੁਣ ਤੱਕ ਨਾ ਤਾਂ ਸਰਕਾਰ ਅਤੇ ਨਾ ਹੀ ਇਨਕਮ ਟੈਕਸ ਵਿਭਾਗ ਨੇ 'PAN 2.0' ਨਾਂ ਨਾਲ ਕੋਈ ਸੇਵਾ ਜਾਂ ਨਵਾਂ ਕਾਰਡ ਜਾਰੀ ਕੀਤਾ ਹੈ। ਇਸ ਤਰ੍ਹਾਂ ਦੀ ਕੋਈ ਅਧਿਕਾਰਿਕ ਘੋਸ਼ਣਾ ਨਹੀਂ ਹੋਈ। ਜੇ ਤੁਹਾਨੂੰ ਅਜਿਹਾ ਕੋਈ ਸੁਨੇਹਾ ਮਿਲੇ ਤਾਂ ਉਸਨੂੰ ਤੁਰੰਤ ਫੇਕ ਸਮਝੋ ਅਤੇ ਸਾਵਧਾਨ ਰਹੋ। ਸਹੀ ਜਾਣਕਾਰੀ ਲਈ ਸਿਰਫ ਆਯਕਰ ਵਿਭਾਗ ਦੀ ਅਧਿਕਾਰਿਕ ਵੈੱਬਸਾਈਟ www.incometax.gov.in 'ਤੇ ਹੀ ਜਾਓ।
ਜੇ ਗਲਤੀ ਨਾਲ ਕਲਿੱਕ ਹੋ ਗਿਆ ਹੋਵੇ ਤਾਂ ਕੀ ਕਰੀਏ?
ਜੇ ਤੁਸੀਂ ਗਲਤੀ ਨਾਲ ਉਸ ਲਿੰਕ 'ਤੇ ਕਲਿੱਕ ਕਰ ਦਿੱਤਾ ਅਤੇ ਆਪਣੀ ਜਾਣਕਾਰੀ ਭਰ ਦਿੱਤੀ ਹੈ ਤਾਂ ਤੁਰੰਤ ਆਪਣੇ ਬੈਂਕ ਨਾਲ ਸੰਪਰਕ ਕਰੋ ਅਤੇ ਖਾਤੇ ਨੂੰ ਫਰੀਜ਼ ਜਾਂ ਮਾਨੀਟਰ ਕਰਨ ਦੀ ਅਪੀਲ ਕਰੋ। ਆਪਣੇ ਸਾਰੇ ਪਾਸਵਰਡ, ਨੈਟ ਬੈਂਕਿੰਗ ਲੌਗਇਨ ਅਤੇ UPI ਪਿੰਨ ਤੁਰੰਤ ਬਦਲ ਦਿਓ। ਨਜ਼ਦੀਕੀ ਪੁਲਿਸ ਥਾਣੇ ਜਾਂ ਸਾਇਬਰ ਕ੍ਰਾਈਮ ਸੈੱਲ ਵਿੱਚ ਸ਼ਿਕਾਇਤ ਦਰਜ ਕਰਵਾਓ। ਇਸ ਦੇ ਇਲਾਵਾ, www.cybercrime.gov.in 'ਤੇ ਵੀ ਆਨਲਾਈਨ ਰਿਪੋਰਟ ਕਰੋ। ਸ਼ੱਕੀ ਈਮੇਲ ਦਾ ਸਕਰੀਨਸ਼ੌਟ ਲੈ ਕੇ ਉਸਨੂੰ ਫਿਸ਼ਿੰਗ/ਸਪੈਮ ਵਜੋਂ ਰਿਪੋਰਟ ਕਰੋ।