ਨਵੀਂ ਦਿੱਲੀ: ਯੂਟਿਊਬ ਤੋਂ ਪੈਸਾ ਕਮਾਉਣਾ ਹੁਣ ਪਹਿਲਾਂ ਵਰਗਾ ਆਸਾਨ ਨਹੀਂ ਹੋਵੇਗਾ। ਦਰਅਸਲ, ਯੂਟਿਊਬ ਹੁਣ ਟੈਕਸ ਵਸੂਲਣ ਦੀ ਤਿਆਰੀ ਕਰ ਰਿਹਾ ਹੈ। ਇੰਝ ਯੂਟਿਊਰਜ਼ ਨੂੰ ਹੋਣ ਵਾਲੀ ਆਮਦਨ ਹੁਣ ਘਟ ਜਾਵੇਗੀ। ਅਮਰੀਕਾ ’ਚ ਅਜਿਹਾ ਕੋਈ ਟੈਕਸ ਨਹੀਂ ਪਰ ਉਸ ਦੇਸ਼ ਤੋਂ ਬਾਹਰ ਦੇ ਯੂ ਟਿਊਬਰਜ਼ ਲਈ ਹੁਣ ਟੈਕਸ ਵਸੂਲੀ ਕੀਤੀ ਜਾਵੇਗੀ। ਇੰਝ ਭਾਰਤ ’ਚ ਵੀ ਹੁਣ ਯੂ ਟਿਊਬਰਜ਼ ਉੱਤੇ ਟੈਕਸ ਲੱਗੇਗਾ।
ਇਹ ਨਵੀਂ ਪਾਲਿਸੀ ਜੂਨ 2021 ਤੋਂ ਲਾਗੂ ਹੋਣੀ ਹੈ। ਇਹ ਜਾਣਕਾਰੀ ਗੂਗਲ ਦੀ ਮਾਲਕੀ ਵਾਲੀ ਕੰਪਨੀ ਯੂਟਿਊਬ ਨੇ ਆਪਣੇ ਕ੍ਰੀਏਟਰਜ਼ ਨੂੰ ਇੱਕ ਈਮੇਲ ਸੁਨੇਹੇ ਰਾਹੀਂ ਭੇਜੀ ਹੈ। AdSense ਰਾਹੀਂ ਵੀ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ।
ਕੰਪਨੀ ਮੁਤਾਬਕ ਅਮਰੀਕਾ ਦੇ ਬਾਹਰ ਦੇ ਕ੍ਰੀਏਟਰਜ਼ ਦੀ ਕਮਾਈ ਜੇ ਅਮਰੀਕੀ ਵਿਯੂਅਰਜ਼ ਤੋਂ ਹੁੰਦੀ ਹੈ, ਤਦ ਵੀ ਉਸ ਉੱਤੇ ਟੈਕਸ ਦੇਣਾ ਹੋਵੇਗਾ ਪਰ ਅਮਰੀਕਾ ’ਚ ਕ੍ਰੀਏਟਰਜ਼ ਲਈ ਅਜਿਹਾ ਕੋਈ ਨਿਯਮ ਲਾਗੂ ਨਹੀਂ।
ਜੇ ਕੋਈ ਕ੍ਰੀਏਟਰ 31 ਮਈ ਤੱਕ ਅਮਰੀਕੀ ਵਿਯੂਅਰਜ਼ ਤੋਂ ਹੋਣ ਵਾਲੀ ਆਪਣੀ ਕਮਾਈ ਬਾਰੇ ਜਾਣਕਾਰੀ ਨਹੀਂ ਦਿੰਦਾ, ਤਾਂ ਉਸ ਦੀ ਸਮੁੱਚੇ ਵਿਸ਼ਵ ਦੀ ਕਮਾਈ ਦਾ 24 ਫ਼ੀਸਦੀ ਹਿੱਸਾ ਕੱਟਿਆ ਜਾ ਸਕਦਾ ਹੈ।
ਕ੍ਰੀਏਟਰਜ਼ ਵੱਲੋਂ ਟੈਕਸ ਦੀ ਜਾਣਕਾਰੀ ਕੰਪਨੀ ਨੂੰ ਦੇਣ ਤੋਂ ਬਾਅਦ ਕੰਪਨੀ ਉਸ ਦੇ ਅਮਰੀਕੀ ਵਿਯੂਅਰਜ਼ ਦੀ ਕਮਾਈ ਦਾ 0-30 ਫ਼ੀ ਸਦੀ ਹਿੱਸਾ ਵਿਦਹੋਲਡ ਕਰ ਕੇ ਰੱਖੇਗੀ। ਵਿਦਹੋਲਡ ਦਰ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਕ੍ਰੀਏਟਰ ਦੇ ਦੇਸ਼ ਦੀ ਟ੍ਰੀਟੀ ਅਮਰੀਕਾ ਨਾਲ ਕਿਹਾ ਜਿਹੀ ਹੈ; ਭਾਵ ਹਰੇਕ ਦੇਸ਼ ਦੇ ਹਿਸਾਬ ਨਾਲ ਵੱਖੋ-ਵੱਖਰਾ ਟੈਕਸ ਕੱਟਿਆ ਜਾਵੇਗਾ।