ਭਾਰਤ ਦੀ ਸਭ ਤੋਂ ਵੱਡੀ ਡਿਜੀਟਲ ਪੇਮੈਂਟ ਕੰਪਨੀ ਪੇਟੀਐੱਮ ਇਸ ਵਰ੍ਹੇ ਦੇ ਅੰਤ ਤੱਕ ਆਪਣਾ ਆਈਪੀਓ (IPO) ਲਿਆ ਸਕਦੀ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ IPO ਹੋਵੇਗਾ। ਇਸ ਡੀਲ ’ਤੇ ਨਜ਼ਰ ਬਣਾਈ ਰੱਖਣ ਵਾਲੇ ਵਿਅਕਤੀ ਅਨੁਸਾਰ ਪੇਟੀਐੱਮ 21,800 ਕਰੋੜ ਰੁਪਏ ਇਕੱਠੇ ਕਰਨ ਲਈ ਆਈਪੀਓ ਲਿਆ ਸਕਦੀ ਹੈ।
ਨਵੰਬਰ ’ਚ ਆਵੇਗਾ ਆਈਪੀਓ
ਬਰਕਸ਼ਾਇਰ ਹੈਥਵੇ ਇਨਕ. ਸਾਫ਼ਟ ਬੈਂਕ ਗਰੁੱਪ ਕਾਰਪ. ਅਤੇ ਐਂਟ ਕੰਪਨੀ ਦੀ ਸਹਾਇਤਾ ਪ੍ਰਾਪਤ ਪੇਟੀਐੱਮ (Paytm) ਇਸੇ ਵਰ੍ਹੇ ਨਵੰਬਰ ਮਹੀਨੇ ਦੀਵਾਲੀ ਦੇ ਨੇੜੇ–ਤੇੜੇ ਕਿਸੇ ਵੇਲੇ ਆਪਣਾ ਆਈਪੀਓ ਲਿਆ ਸਕਦਾ ਹੈ। ਉਸ ਵਿਅਕਤੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਪੇਟੀਐੱਮ, ਜਿਸ ਨੂੰ ‘ਵਨ-97 ਕਮਿਊਨੀਕੇਸ਼ਨ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ; ਕੰਪਨੀ ਨੇ ਆਪਣੀ ਵੈਲਿਯੂਏਸ਼ਨ25 ਤੋਂ 30 ਅਰਬ ਡਾਲਰ ਭਾਵ 1.80 ਲੱਖ ਕਰੋੜ ਰੁਪਏ ਤੋਂ 2.20 ਲੱਖ ਕਰੋੜ ਰੁਪਏ ਵਿਚਕਾਰ ਰੱਖਣ ਦਾ ਫ਼ੈਸਲਾ ਕੀਤਾ ਹੈ।
ਬਹੁਤ ਹੱਦ ਤੱਕ ਸੰਭਵ ਹੈ ਕਿ ਇਸ ਸ਼ੁੱਕਰਵਾਰ ਵਨ97 ਕਮਿਊਨੀਕੇਸ਼ਨ ਦੇ ਬੋਰਡ ਮੈਂਬਰ ਇਸ ਉੱਤੇ ਰਸਮੀ ਮੋਹਰ ਲਾ ਦੇਣ। ਇਸ ਪੂਰੇ ਮਸਲੇ ਉੱਤੇ ਪੇਟੀਐਮ ਨੇ ਕੋਈ ਪ੍ਰਤੀਕਰਮ ਨਾ ਪ੍ਰਗਟਾਉਣ ਦੀ ਗੱਲ ਆਖੀ। ਸਾਲ 2010 ’ਚ ਕੋਲ ਇੰਡੀਆ ਨੇ ਭਾਰਤ ਦਾ ਸਭ ਤੋਂ ਵੱਡਾ ਆਈਪੀਓ (15 ਹਜ਼ਾਰ ਕਰੋੜ ਰੁਪਏ) ਲਿਆਂਦਾ ਸੀ।
ਪੇਟੀਐੱਮ ਨੇ ਆਪਣੇ ਆਈਪੀਓ ਲਈ ਜਿਹੜੇ ਬੈਂਕਾਂ ਨੂੰ ਚੁਣਿਆ ਹੈ, ਉਨ੍ਹਾਂ ਵਿੱਚ ਸਿਟੀ ਗਰੁੱਪ, ਜੇਪੀ ਮੌਰਗਨ ਸ਼ਾਮਲ ਹਨ। ਇਹ ਪ੍ਰਕਿਰਿਆ ਜੂਨ ਜਾਂ ਫਿਰ ਜੁਲਾਈ ਤੋਂ ਸ਼ੁਰੂ ਹੋ ਸਕਦੀ ਹੈ। ਸੇਬੀ ਅਨੁਸਾਰ ਕੋਈ ਵੀ ਕੰਪਨੀ ਜਦੋਂ ਆਪਣਾ ਆਈਪੀਓ ਲਿਆਉਂਦੀ ਹੈ, ਤਾਂ ਸ਼ੁਰੂਆਤੀ ਦੋ ਸਾਲਾਂ ਅੰਦਰ 10 ਫ਼ੀਸਦੀ ਤੇ 5 ਸਾਲਾਂ ਵਿੱਚ 25 ਫ਼ੀ ਸਦੀ ਤੱਕ ਪਬਲਿਕ ਲਈ ਜਾਰੀ ਕਰਨਾ ਹੁੰਦਾ ਹੈ। ਕੰਪਨੀ ਵੱਧ ਤੋਂ ਵੱਧ 75% ਸ਼ੇਅਰ ਆਪਣੇ ਕੋਲ ਰਂਖ ਸਕਦੀ ਹੈ।
ਪੇਟੀਐੱਮ ਨੂੰ ਇਸ ਵੇਲੇ ਗੂਗਲ ਪੇਮੈਂਟ, ਫ਼ੋਨ ਪੇਅ, ਵ੍ਹਟਸਐਪ ਪੇਅ ਤੋਂ ਸਖ਼ਤ ਟੱਕਰ ਮਿਲ ਰਹੀਹੈ। ਇਸ ਵੇਲੇ ਪੇਟੀਐੱਮ ਕੋਲ 2 ਕਰੋੜ ਮਰਚੈਂਟ ਯੂਜ਼ਰਜ਼ ਹਨ। ਪੇਅਟੀਐੱਮ ਯੁਜ਼ਰਜ਼ ਹਰ ਮਹੀਨੇ 1.4 ਅਰਬ ਟ੍ਰਾਂਜ਼ੈਕਸ਼ਨ ਕਰਦੇ ਹਨ। ਕੰਪਨੀ ਦੇ ਬਾਨੀ ਤੇ ਸੀਈਓ ਵਿਜੇ ਸ਼ੇਖਰ ਦਾ ਫ਼ੋਕਸ ਨਵੀਂਆਂ ਸੇਵਾਵਾਂ ਉੱਤੇ ਹੈ ਕੰਪਨੀ ਕ੍ਰੈਡਿਟ ਕਾਰਡ, ਫ਼ਾਈਨੈਂਸ਼ੀਅਲ ਸਰਵਿਸ, ਵੈਲਥ ਮੈਨੇਜਮੈਂਟ ’ਚ ਹੋਰ ਵਿਸਥਾਰ ਕਰਨ ਦੀ ਯੋਜਨਾ ਉਲੀਕ ਰਹੀ ਹੈ।