ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਨਵੇਂ ਸਾਲ ਤੋਂ ਡੋਮੈਸਟਿਕ ਵਾਇਸ ਕਾਲ ਮੁਫ਼ਤ ਕਰ ਦਿੱਤੀ ਹੈ। ਅੱਜ ਪਹਿਲੀ ਜਨਵਰੀ ਤੋਂ ਬਾਅਦ ਇਸ ਉੱਤੇ ਇੰਟਰਕੁਨੈਕਟ ਯੂਸੇਜ ਚਾਰਜਿਸ ਨਹੀਂ ਲੱਗਣਗੇ। ਇਸ ਤੋਂ ਪਹਿਲਾਂ ਵੀ ਇਹ ਕਾਲ ਮੁਫ਼ਤ ਸਨ ਪਰ ਇੰਟਰਕੁਨੈਕਟ ਯੂਜਸ ਚਾਰਜ ਕਾਰਨ ਇਹ ਕਾਲਾਂ ਮਹਿੰਗੀਆਂ ਹੋ ਗਈਆਂ ਸਨ।

ਹੁਣ ਜੀਓ ਤੋਂ ਦੇਸ਼ ਭਰ ਵਿੱਚ ਕਿਸੇ ਵੀ ਨੈੱਟਵਰਕ ਉੱਤੇ ਫ਼ੋਨ ਕਰਨ ਦਾ ਕੋਈ ਚਾਰਜ ਨਹੀਂ ਲੱਗੇਗਾ। ਹੁਣ ਤੱਕ ਚਾਰਜ ਲੱਗਦਾ ਸੀ। ਇਸ ਤੋਂ ਪਹਿਲਾਂ ਕੰਪਨੀ ਨੇ ਇਹ ਕਾੱਲ ਮੁਫ਼ਤ ਕਰਨ ਦਾ ਵਾਅਦਾ ਕੀਤਾ ਸੀ। ਰਿਲਾਇੰਸ ਜੀਓ ਨੇ ਕਿਹਾ ਹੈ ਕਿ ਕੰਪਨੀ ਨੇ ਆਪਣੇ ਵਾਅਦੇ ਮੁਤਾਬਕ 1 ਜਨਵਰੀ, 2021 ਤੋਂ ਆਫ਼ ਨੈੱਟ ਵਾਇਸ ਕਾਲ ਮੁਫ਼ਤ ਕਰ ਦਿੱਤੀ ਹੈ। ਆਨ ਨੈੱਟ ਵਾਇਸ ਕਾੱਲ ਪਹਿਲਾਂ ਹੀ ਮੁਫ਼ਤ ਹੈ।

ਸਤੰਬਰ 2019 ’ਚ ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਨੇ ਬਿਲ ਐਂਡ ਕੀਪ ਸਿਸਟਮ ਲਾਗੂ ਕਰਨ ਦੀ ਮਿਆਦ ਵਧਾ ਕੇ 1 ਜਨਵਰੀ, 2020 ਕਰ ਦਿੱਤੀ ਸੀ। ਇਸ ਤੋਂ ਬਾਅਦ ਜੀਓ ਕੋਲ ਆਫ਼ ਨੈੱਟ ਵਾਇਸ ਕਾੱਲ ਲਈ ਇੰਟਰਕੁਨੈਕਟ ਚਾਰਜ ਦੇ ਬਰਾਬਰ ਹੀ ਪੈਸੇ ਵਸੂਲਣ ਦਾ ਵਿਕਲਪ ਬਚਿਆ ਸੀ। ਪਰ ਤਦ ਜੀਓ ਨੇ ਭਰੋਸਾ ਦਿਵਾਇਆ ਸੀ ਕਿ ਯੂਜ਼ਰਜ਼ ਨੂੰ ਸਿਰਫ਼ ਟ੍ਰਾਈ ਦੇ ਚਾਰਜ ਹਟਾਉਣ ਤੱਕ ਹੀ ਇਹ ਚਾਰਜ ਦੇਣਾ ਹੋਵੇਗਾ।