ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਜਹਾਜ਼ਾਂ ਵਿੱਚ ਉਡਾਣ ਦੌਰਾਨ ਇੰਟਰਨੈੱਟ ਸੇਵਾ ਮੁਹੱਈਆ ਕਰਵਾਉਣ ਲਈ ਲਾਈਸੰਸ ਹਾਸਲ ਕਰਨ ਦੀ ਟੈਲੀਕਮਿਊਨੀਕੇਸ਼ਨਜ਼ ਵਿਭਾਗ ਕੋਲ ਪਹੁੰਚ ਕੀਤੀ ਹੈ। ਇਹ ਲਾਈਸੰਸ ਹਾਸਲ ਕਰ ਜੀਓ ਉੱਡਦੇ ਜਹਾਜ਼ ਵਿੱਚ ਕੁਨੈਕਟੀਵਿਟੀ ਤੇ ਡੇਟਾ ਸੇਵਾਵਾਂ ਮੁਹੱਈਆ ਕਰਵਾ ਸਕਦਾ ਹੈ।
ਖ਼ਬਰ ਏਜੰਸੀ ਪੀਟੀਆਈ ਨੇ ਇਸ ਦਾ ਖੁਲਾਸਾ ਕੀਤਾ ਹੈ, ਪਰ ਰਿਲਾਇੰਸ ਨੇ ਇਸ ਬਾਰੇ ਟਿੱਪਣੀ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ। ਸਾਲ 2017 ਤਕ 7,400 ਜਹਾਜ਼ਾਂ ਵਿੱਚ ਇੰਟਰਨੈੱਟ ਸੇਵਾਵਾਂ ਮੁਹੱਈਆ ਹਨ ਤੇ ਯੂਰੋਕਨਸਲਟ ਮੁਤਾਬਕ ਸਾਲ 2027 ਤਕ ਇਹ ਅੰਕੜਾ 23,000 ਤਕ ਪਹੁੰਚ ਜਾਵੇਗਾ।
ਇਸ ਤੋਂ ਪਹਿਲਾਂ ਭਾਰਤੀ ਏਅਰਟੈੱਲ, ਹਿਊਗਸ ਕਮਿਊਨੀਕੇਸ਼ਨ ਇੰਡੀਆ ਤੇ ਟਾਟਾਨੈੱਟ ਸੇਵਾ ਨੂੰ ਲਾਈਸੰਸ ਹਾਸਲ ਹੈ। ਉਡਾਣ ਦੌਰਾਨ ਇੰਟਰਨੈੱਟ ਸੇਵਾਵਾਂ ਹਾਲੇ ਇੰਨੀਆਂ ਪ੍ਰਚਲਿਤ ਨਹੀਂ ਹੈ ਪਰ ਭਵਿੱਖ ਵਿੱਚ ਇਹ ਸੰਭਵ ਹੈ, ਜਿਸ ਲਈ ਰਿਲਾਇੰਸ ਜੀਓ ਨੇ ਵੀ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ।