ਅਗਲੇ ਦੋ ਸਾਲਾਂ ਤਕ ਕਬਾੜ ਹੋ ਜਾਣਗੀਆਂ BS-IV ਗੱਡੀਆਂ
ਏਬੀਪੀ ਸਾਂਝਾ | 24 Oct 2018 01:37 PM (IST)
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਹੁਕਮ ਦਿੱਤੇ ਹਨ ਕਿ ਅਗਲੇ ਸਾਲ ਤੋਂ ਭਾਰਤ ਸਟੇਜ ਚਾਰ ਵਾਹਨਾਂ ਦੀ ਵਿਕਰੀ ਪੂਰੀ ਤਰ੍ਹਾਂ ਨਾਲ ਰੋਕ ਦਿੱਤੀ ਜਾਵੇ। ਦੇਸ਼ ਦੀ ਸਰਬਉੱਚ ਅਦਾਲਤ ਨੇ ਇਹ ਪਾਬੰਦੀ ਪਹਿਲੀ ਅਪ੍ਰੈਲ 2020 ਤੋਂ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਜਸਟਿਸ ਮਦਨ ਬੀ ਲੋਕੁਰ ਦੀ ਅਗਵਾਈ ਵਾਲੀ ਤਿੰਨ ਜੱਜਾਂ ਦੀ ਬੈਂਚ ਨੇ ਕਿਹਾ ਹੈ ਕਿ ਵਿਕਰੀ 'ਤੇ ਪਾਬੰਦੀ ਲਾਉਣ ਦੇ ਨਾਲ-ਨਾਲ ਨਵੇਂ ਤੇ ਘੱਟ ਪ੍ਰਦੂਸ਼ਣ ਫੈਲਾਉਣ ਵਾਲੇ ਬਾਲਣ ਵਿਕਸਤ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਵਾਹਨਾਂ ਲਈ ਬੀਐਸ-IV ਨੇਮ ਅਪ੍ਰੈਲ 2017 ਤੋਂ ਪੂਰੇ ਦੇਸ਼ ਵਿੱਚ ਲਾਗੂ ਹਨ। ਸਾਲ 2016 ਵਿੱਚ ਕੇਂਦਰ ਸਰਕਾਰ ਨੇ ਐਲਾਨ ਕੀਤਾ ਸੀ ਵਾਹਨਾਂ ਨੂੰ ਬੀਐਸ-V ਨੇਮਾਂ ਵੱਲ ਜਾਣ ਦੀ ਅਪੀਲ ਕਰ ਦਿੱਤੀ ਸੀ ਤੇ ਸਾਲ 2020 ਤਕ ਬੀਐਸ-VI ਨੇਮਾਂ 'ਤੇ ਖਰੇ ਉੱਤਰਨ ਵਾਲੇ ਵਾਹਨਾਂ ਦੇ ਨਿਰਮਾਣ ਕੀਤੇ ਜਾਣ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਭਾਰਤ ਸਟੇਜ ਮਾਪਦੰਡਾਂ ਨੂੰ ਵਾਹਨਾਂ ਵੱਲੋਂ ਹਵਾ ਵਿੱਚ ਛੱਡੇ ਜਾਣ ਵਾਲੇ ਪ੍ਰਦੂਸ਼ਕਾਂ ਦੀ ਮਾਤਰਾ ਗਿਣਨ ਲਈ ਤੈਅ ਕੀਤਾ ਜਾਂਦਾ ਹੈ। ਭਾਰਤ ਸਟੇਜ-I ਤੋਂ ਬਾਅਦ ਵਾਲੇ ਬੀਐਸ ਨੇਮ ਘੱਟ ਪ੍ਰਦੂਸ਼ਣ ਫੈਲਾਉ ਵਾਲੇ ਵਾਹਨਾਂ ਨੂੰ ਦਰਸਾਉਂਦੇ ਹਨ।