ਚੰਡੀਗੜ੍ਹ: ਟੈਲੀਵਿਜ਼ਨ ਦੀ ਦੁਨੀਆ ਵਿੱਚ ਵੱਡੀ ਕ੍ਰਾਂਤੀ ਆਉਣ ਵਾਲੀ ਹੈ। ਦਰਅਸਲ ਕੰਜ਼ਿਊਮਰ ਇਲੈਕਟ੍ਰਾਨਿਕਸ ਕੰਪਨੀ ਸੈਮਸੰਗ ਅਜਿਹੇ ਟੀਵੀ ’ਤੇ ਕੰਮ ਕਰ ਰਹੀ ਹੈ, ਜਿਸ ਨੂੰ ਇਨਸਾਨ ਆਪਣੇ ਦਿਮਾਗ ਨਾਲ ਹੀ ਕੰਟਰੋਲ ਕਰ ਸਕਦਾ ਹੈ। ਇਸ ਕੰਮ ਲਈ ਸੈਮਸੰਗ ਨੇ ਸਵਿਟਰਜ਼ਰਲੈਂਡ ਦੇ ਇਕੋਲ ਪੋਲੀਟੈਕਨਿਕ ਫੈਡਰਲ ਡੀ-ਲੈਸੇਨ (EPFL) ਦੇ ਸੈਂਟਰ ਆਫ ਨਿਊਰੋਪ੍ਰੋਸਥੈਟਿਕਸ ਨਾਲ ਭਾਈਵਾਲੀ ਕੀਤੀ ਹੈ। ਇਸ ਪ੍ਰੋਜੈਕਟ ਨੂੰ ‘ਪ੍ਰੋਜੈਕਟ ਪੁਆਇੰਟਸ’ ਦਾ ਨਾਂ ਦਿੱਤਾ ਗਿਆ ਹੈ। ਮਹਿਜ਼ ਸੋਚਣ ਨਾਲ ਬਦਲ ਜਾਣਗੇ ਚੈਨਲ ਸੈਮਸੰਗ ਪਿਛਲੇ ਤਿੰਨ ਮਹੀਨਿਆਂ ਤੋਂ ਇਸ ਪ੍ਰੋਜੈਕਟ ’ਤੇ ਕੰਮ ਕਰ ਰਿਹਾ ਹੈ। ਅਗਲੇ ਸਾਲ ਇਸ ਦਾ ਟਰਾਇਲ ਸ਼ੁਰੂ ਹੋਣ ਦ ਉਮੀਦ ਹੈ। ਸੈਮਸੰਗ ਦੀ ਇਸ ਤਕਨੀਕ ਨਾਲ ਸਿਰਫ ਸੋਚ ਕੇ ਹੀ ਟੀਵੀ ਚੈਨਲ ਬਦਲਿਆ ਜਾ ਸਕੇਗਾ। ਇੰਨਾ ਹੀ ਨਹੀਂ, ਸਿਰਫ ਸੋਚਣ ਨਾਲ ਹੀ ਟੀਵੀ ਦੀ ਆਵਾਜ਼ ਵੀ ਘਟਾਈ ਜਾਂ ਵਧਾਈ ਜਾ ਸਕੇਗਾ। ਸੈਮਸੰਗ ਦੇ ਡਿਵੈਲਪਰ ਨੇ ਕਾਨਫਰੰਸ ਵਿੱਚ ਇਸ ਪ੍ਰੋਜੈਕਟ ਦਾ ਪ੍ਰੋਟੋਟਾਈਪ ਵੀ ਪੇਸ਼ ਕੀਤਾ ਹੈ। ਇਵੇਂ ਕੰਮ ਕਰੇਗਾ ਟੀਵੀ ਸੈਮਸੰਗ ਦੀ ਇਸ ਤਕਨਾਲੋਜੀ ਵਿੱਚ ਬ੍ਰੇਨ ਕੰਪਿਊਟਰ ਇੰਟਰਫੇਸ (ਬੀਸੀਆਈ) ਦਾ ਇਸਤੇਮਾਲ ਕੀਤਾ ਜਾਏਗਾ ਜੋ ਟੀਵੀ ਵੇਖਣ ਵਾਲੇ ਨੂੰ ਟੀਵੀ ਨਾਲ ਜੋੜੇਗਾ। ਇਸ ਬੀਸੀਆਈ ਵਿੱਚ 64 ਸੈਂਸਰਾਂ ਦੇ ਇਲਾਵਾ ਆਈ-ਮੋਸ਼ਨ ਟ੍ਰੈਕਰ ਵੀ ਲੱਗਾ ਹੋਏਗਾ। ਇਹ ਇੱਕ ਤਰ੍ਹਾਂ ਦਾ ਹੈਡਸੈੱਟ ਹੈ। ਇਹ ਇਨਸਾਨੀ ਦਿਮਾਗ ਵਿੱਚੋਂ ਨਿਕਲਣ ਵਾਲੀਆਂ ਤਰੰਗਾਂ ਜ਼ਰੀਏ ਉਨ੍ਹਾਂ ਦੇ ਸੁਝਾਵਾਂ ਨੂੰ ਸਮਝੇਗਾ ਤੇ ਅੱਖਾਂ ਦੀ ਮੂਵਮੈਂਟ ਨਾਲ ਇਨ੍ਹਾਂ ਸੁਝਾਵਾਂ ਦੀ ਪੁਸ਼ਟੀ ਕਰੇਗਾ। ਇਸੇ ਤਕਨਾਲੋਜੀ ਦੀ ਮਦਦ ਨਾਲ ਟੀਵੀ ਨੂੰ ਕੰਟਰੋਲ ਕੀਤਾ ਜਾ ਸਕੇਗਾ। ਇਸ ਤਕਨਾਲੋਜੀ ’ਤੇ ਕੰਮ ਕਰਨ ਲਈ ਵਿਗਿਆਨੀ ਇਨਸਾਨੀ ਦਿਮਾਗ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਇਲਾਵਾ ਟੀਵੀ ਨਾਲ ਗੱਲ ਕਰਨ ਵਾਲੀ ਤਕਨੀਕ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ, ਜਿਸ ਵਿੱਚ ਦਿਮਾਗ ਤੋਂ ਨਿਕਲਣ ਵਾਲੀਆਂ ਤਰੰਗਾਂ ਦੀ ਮਦਦ ਨਾਲ ਟੀਵੀ ਨਾਲ ਗੱਲ ਕੀਤੀ ਜਾ ਸਕਦੀ ਹੈ।