ਮੁੰਬਈ: ਸਪਾਈਡਰ-ਮੈਨ, ਥੌਰ, ਆਇਰਨ ਮੈਨ ਜਿਹੇ ਸੁਪਰਹੀਰੋਜ਼ ਨੂੰ ਲਿਖਣ ਵਾਲੇ ਸਟੇਨ ਲੀ ਦੀ ਮੌਤ ਹੋ ਗਈ ਹੈ। ਜੀ ਹਾਂ, ਮਾਰਵਲ ਕਾਮੀਕਸ ਦੇ ਜਨਕ ਸਟੇਨ ਲੀ ਨੇ ਸੋਮਵਾਰ ਨੂੰ ਆਪਣੇ ਆਖਰੀ ਸਾਹ ਲਏ। ਸਟੇਨ ਦੀ ਧੀ ਜੇਸੀ ਲੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।




ਸਟੇਨ ਲੀ 95 ਸਾਲਾਂ ਦੇ ਸੀ ਜੋ ਪਿਛਲੇ ਕੁਝ ਸਾਲਾਂ ਤੋਂ ਕਈ ਬਿਮਾਰੀਆਂ ਦੇ ਸ਼ਿਕਾਰ ਸੀ। ਅਮਰੀਕਾ ਦੇ ਕੌਮਿਕ ਬੁੱਕ ਦਾ ਚਿਹਰਾ ਮੰਨੇ ਜਾਣ ਵਾਲੇ ਸਟੇਨ ਲੀ ਨੇ ਹਸਪਤਾਲ ‘ਚ ਸੋਮਵਾਰ ਦੀ ਸਵੇਰ ਆਪਣੇ ਆਖਰੀ ਸਾਹ ਲਏ। ਸਟੇਨ ਨੇ ਆਪਣੇ ਵੱਖੋ-ਵੱਖ ਅੰਦਾਜ਼ ਨਾਲ ਸਾਲ 1960 ‘ਚ ਕੌਮਿਕ ਦੀ ਦੁਨੀਆ ‘ਚ ਤਹਿਲਕਾ ਮੱਚਾ ਦਿੱਤਾ ਸੀ। ਉਨ੍ਹਾਂ ਨੇ ਪਹਿਲੀ ਵਾਰ 1960 ‘ਚ ਆਪਣੀ ਕਲਪਨਾ ਨਾਲ ਸੁਪਰ ਹੀਰੋ ਬਣਾਏ।

ਇਸ ਤੋਂ ਬਾਅਦ ਸਪਾਈਡਰ-ਮੈਨ, ਥੌਰ, ਆਇਰਨ ਮੈਨ ਲੋਕਾਂ ਦੀ ਪਹਿਲੀ ਪਸੰਦ ਹਨ। ਸਿਰਫ ਵਿਦੇਸ਼ਾਂ ‘ਚ ਹੀ ਨਹੀਂ ਸਗੋਂ ਉਨ੍ਹਾਂ ਦੇ ਕਿਰਦਾਰਾਂ ਦੇ ਫੈਨ ਭਾਰਤ ‘ਚ ਵੀ ਵਧੇਰੇ ਹਨ। ਉਨ੍ਹਾਂ ਦੀ ਇਸ ਮੌਤ ‘ਤੇ ਉਨ੍ਹਾਂ ਦੇ ਫੈਨਸ ਨੂੰ ਗਹਿਰਾ ਸਦਮਾ ਲੱਗਿਆ ਹੈ।



ਉਨ੍ਹਾਂ ਨੇ ਇੱਕ ਐਡੀਟਰ ਤੇ ਰਾਈਟਰ ਦੇ ਤੌਰ ‘ਤੇ ਕੰਮ ਕੀਤਾ ਸੀ। 1938 ‘ਚ ਉਨ੍ਹਾਂ ਨੇ ਡੀਸੀ ਕੌਮਿਕ ਨਾਂ ਦੀ ਕੰਪਨੀ ਸ਼ੁਰੂ ਕੀਤੀ ਸੀ ਜਿਸ ‘ਚ ਡਿਟੈਕਟਿਵ ਕੌਮਿਕ ਲੌਂਚ ਕੀਤੀ ਗਈ। ਸਟੇਨ ਲੀ ਦਾ ਜਨਮ 28 ਦਸੰਬਰ, 1922 ‘ਚ ਅਮਰੀਕਾ ਦੇ ਨਿਊਯਾਰਕ ‘ਚ ਹੋਇਆ ਸੀ।