ਚੰਡੀਗੜ੍ਹ: ਤਕਰੀਬਨ 69 ਫੀਸਦੀ ਪਾਕਿਸਤਾਨੀ ਨਾਗਰਿਕਾਂ ਨੂੰ ਨਹੀਂ ਪਤਾ ਕਿ ਇੰਟਰਨੈੱਟ ਕੀ ਚੀਜ਼ ਹੈ। ਇਸ ਗੱਲ ਦਾ ਖ਼ੁਲਾਸਾ ਇਨਫਾਰਮੇਸ਼ਨ ਕਮਿਊਨੀਕੇਸ਼ਨ ਟੈਕਨਾਲੋਜੀ (ICT) ਆਧਾਰਤ ਸਰਵੇਖਣ ਵਿੱਚ ਹੋਇਆ ਹੈ। ਸਰਵੇਖਣ ਨੂੰ LirneAsia ਜ਼ਰੀਏ ਕਰਾਇਆ ਗਿਆ ਸੀ ਜੋ ਸ੍ਰੀਲੰਕਾ ਦੀ ICT ਖੋਜ ਹੈ। ਪਾਕਿਸਤਾਨੀ ਖ਼ਬਰ ਚੈਨਲ ਡਾਅਨ ਨਿਊਜ਼ ਨੇ ਵੀ ਅੱਜ ਇਸ ਰਿਪੋਰਟ ਦਾ ਖ਼ੁਲਾਸਾ ਕੀਤਾ ਹੈ। ਸਰਵੇਖਣ ਲਈ ਪਾਕਿਸਤਾਨ ਦੇ ਕੁੱਲ ਦੋ ਹਜ਼ਾਰ ਘਰਾਂ ਵਿੱਚ ਜਾਇਜ਼ਾ ਲਿਆ ਗਿਆ।

LirneAsia ਨੇ ਕਿਹਾ ਕਿ ਉਨ੍ਹਾਂ 98 ਫੀਸਦੀ ਆਬਾਦੀ ’ਤੇ ਇਹ ਸਰਵੇਖਣ ਕੀਤਾ ਜਿਸ ਵਿੱਚ 15 ਤੋਂ 65 ਸਾਲਾਂ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਸਰਵੇਖਣ 2017 ਵਿੱਚ ਅਕਤੂਬਰ ਤੋਂ ਦਸੰਬਰ ਮਹੀਨੇ ਦੌਰਾਨ ਕੀਤਾ ਗਿਆ। ਇਸ ਵਿੱਚ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਯੂਜ਼ਰਸ ICT ਦਾ ਇਸਤੇਮਾਲ ਕਰਦੇ ਹਨ ਜਾਂ ਨਹੀਂ।

LirneAsia ਦੇ ਸੀਈਓ ਹਿਲਾਨੀ ਗਲਪਾਇਆ ਨੇ ਰਿਪੋਰਟ ਵਿੱਚ ਕਿਹਾ ਕਿ ਪਾਕਿਸਤਾਨ ਦੀ ਵੈਬਸਾਈਟ ’ਤੇ ਦਿੱਤੇ ਅੰਕੜਿਆਂ ਮੁਤਾਬਕ ਕੁੱਲ 152 ਮਿਲੀਅਨ ਸੈਲੂਲਰ ਸਬਸਕ੍ਰਾਈਬਰ ਹਨ। ਸਰਵੇਖਣ ਵਿੱਚ ਇਸ ਗੱਲ ਦਾ ਵੀ ਖ਼ੁਲਾਸਾ ਹੋਇਆ ਹੈ ਕਿ ਏਸ਼ੀਆਈ ਦੇਸ਼ਾਂ ਵਿੱਚ ਇੰਟਰਨੈਟ ਜਾਗਰੂਕਤਾ ਕਾਫੀ ਘੱਟ ਹੈ। ਇਨ੍ਹਾਂ ਵਿੱਚ ਪਾਕਿਸਤਾਨ ਵੀ ਸ਼ਾਮਲ ਹੈ।

ਪਾਕਿਸਤਾਨ ਵਿੱਚ ਸਿਰਫ 30 ਫੀਸਦੀ ਹੀ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਇੰਟਰਨੈਟ ਦੀ ਪੂਰੀ ਜਾਣਕਾਰੀ ਹੈ। 17 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਉਹ ਇੰਟਰਨੈਟ ਦਾ ਇਸਤੇਮਾਲ ਨਹੀਂ ਕਰਦੇ। ਪਾਕਿਸਤਾਨ ਦੀਆਂ 43 ਫੀਸਦੀ ਮਹਿਲਾਵਾਂ ਪੁਰਸ਼ਾਂ ਮੁਕਾਬਲੇ ਘੱਟ ਇੰਟਰਨੈਟ ਇਸਤੇਮਾਲ ਕਰਦੀਆਂ ਹਨ। ਇਹ ਅੰਕੜਾ ਭਾਰਤ ਵਿੱਚ 57 ਫੀਸਦੀ ਤੇ ਬੰਗਲਾਦੇਸ਼ ਵਿੱਚ 62 ਫੀਸਦੀ ਹੈ।