ਕੈਲੀਫੋਰਨੀਆ: ਐਪਲ ਦੇ ਆਈਫੋਨ X ਤੇ 13 ਇੰਚ ਦੇ ਮੈਕਬੁੱਕ ਪ੍ਰੋ ਵਿੱਚ ਕਈ ਖ਼ਾਮੀਆਂ ਸਾਹਮਣੇ ਆਈਆਂ ਹਨ। ਕੰਪਨੀ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਆਈਫੋਨ ਦੇ ਟੱਚ ਵਿੱਚ ਗੜਬੜੀ ਬਾਰੇ ਪਤਾ ਲੱਗਾ ਹੈ ਤੇ ਮੈਕਬੁੱਕ ਪ੍ਰੋ ਵਿੱਚ ਡੇਟਾ ਲੌਸ ਦੀ ਪ੍ਰੇਸ਼ਾਨੀ ਆ ਰਹੀ ਹੈ। ਕੰਪਨੇ ਨੇ ਦਾਅਵਾ ਕੀਤਾ ਹੈ ਕਿ ਇਹ ਸਮੱਸਿਆਂ ਕੰਪਨੀ ਵੱਲੋਂ ਮੁਫ਼ਤ ਵਿੱਚ ਠੀਕ ਕਰਕੇ ਦਿੱਤੀਆਂ ਜਾਣਗੀਆਂ।

ਐਪਲ ਮੁਤਾਬਕ ਆਈਫੋਨ X ਦਾ ਟੱਚ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ। ਕਦੀ-ਕਦੀ ਇਹ ਬਿਨਾ ਹੱਥ ਲਾਏ ਹੀ ਪ੍ਰਤੀਕ੍ਰਿਆ ਦਿੰਦਾ ਹੈ। ਆਈਫੋਨ X ਪਿਛਲੇ ਸਾਲ ਲਾਂਚ ਕੀਤਾ ਗਿਆ ਸੀ। ਇਸ ਦੀ ਸ਼ੁਰੂਆਤੀ ਕੀਮਤ 999 ਡਾਲਰ ਰੱਖੀ ਗਈ ਸੀ। 13 ਇੰਚ ਦੇ ਮੈਕਬੁੱਕ ਪ੍ਰੋ ਦੀ ਗੱਲ ਕੀਤੀ ਜਾਏ ਤਾਂ ਇਸ ਵਿੱਚ ਡੇਟਾ ਲਾਸ ਤੇ ਡੇਟਾ ਸਟੋਰ ਕਰਨ ਵਿੱਚ ਦਿੱਕਤ ਦੀ ਸ਼ਿਕਾਇਤ ਆ ਰਹੀ ਹੈ। ਇਨ੍ਹਾਂ ਵਿੱਚ ਜੂਨ 2017 ’ਚ ਵੇਚੇ ਗਏ 128 ਤੇ 256 GB ਦੇ ਮੈਕਬੁਕ ਪ੍ਰੋ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਐਪਲ ਨੇ ਕੁਝ ਮਾਡਲਾਂ ਦੇ ਸਲੋਅ ਹੋਣ ਦੀਆਂ ਸ਼ਿਕਾਇਤਾਂ ਬਾਅਦ ਉਨ੍ਹਾਂ ਦੀ ਬੈਟਰੀ ਬਦਲ ਦਿੱਤੀ ਸੀ। ਇਸ ਸਾਲ ਜੂਨ ਵਿੱਚ ਕੰਪਨੀ ਨੇ ਮੈਕਬੁਕ ਤੇ ਮੈਕਬੁਕ ਪ੍ਰੋ ਦੇ ਕੁਝ ਮਾਡਲਾਂ ਦੇ ਕੀ-ਬੋਰਡ ਵਿੱਚ ਫ੍ਰੀ ਵਿੱਚ ਬਦਲੇ ਸਨ।