ਲੰਦਨ: ਐਮਨੇਸਟੀ ਇੰਟਰਨੈਸ਼ਨਲ ਨੇ ਸੋਮਵਾਰ ਨੂੰ ਆਂਗ ਸਾਨ ਸੂ ਚੀ ਤੋਂ ਆਪਣਾ ਸਭ ਤੋਂ ਵੱਡਾ ਸਨਮਾਨ ਵਾਪਸ ਲੈਣ ਦਾ ਫੈਸਲਾ ਲਿਆ ਹੈ। ਇਸ ਦਾ ਕਾਰਨ ਰੋਹਿੰਗੀਆ ਮੁਸਲਮਾਨਾਂ ਖਿਲਾਫ ਮਿਆਂਮਾਰ ਦੀ ਸੈਨਾ ਵੱਲੋਂ ਕੀਤੇ ਗਏ ਜੁਲਮਾਂ ਖਿਲਾਫ ਆਵਾਜ਼ ਨਾ ਚੁੱਕਣਾ ਹੈ। ਲੰਦਨ ਮੌਜੂਦ ਗਲੋਬਲ ਮਨੁੱਖੀ ਅਧਿਕਾਰ ਸੰਗਠਨ ਐਮਨੇਸਟੀ ਇੰਟਰਨੈਸ਼ਨਲ ਨੇ ਕਿਹਾ ਕਿ ਉਹ ਸੂ ਚੀ ਨੂੰ ਦਿੱਤਾ ਗਿਆ ‘ਅੰਬੈਸਡਰ ਆਫ ਕਾਂਸ਼ਨਸ ਐਵਾਰਡ’ ਵਾਪਸ ਲੈ ਰਹੇ ਹਨ ਜੋ ਉਨ੍ਹਾਂ ਨੂੰ 2009 ‘ਚ ਉਸ ਸਮੇਂ ਦਿੱਤਾ ਗਿਆ ਸੀ ਜਦੋਂ ਉਹ ਘਰ ‘ਚ ਨਜ਼ਰਬੰਦ ਸੀ।



ਸੰਗਠਨ ਵੱਲੋਂ ਜਾਰੀ ਐਮਨੇਸਟੀ ਇੰਟਰਨੈਸ਼ਨਲ ਮੁਖੀ ਕੂਮੀ ਨਾਇਡੂ ਨੇ ਚਿੱਠੀ ਲਿਖ ਕੇ ਕਿਹਾ, "ਅੱਜ ਅਸੀਂ ਬੇਹੱਦ ਨਿਰਾਸ਼ ਹਾਂ ਕਿ ਤੁਸੀਂ ਹੁਣ ਆਸ, ਬਹਾਦਰੀ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦਾ ਪ੍ਰਤੀਕ ਨਹੀਂ ਹੋ।" ਸੰਗਠਨ ਨੇ ਆਪਣੇ ਇਸ ਫੈਸਲੇ ਬਾਰੇ ਐਤਵਾਰ ਨੂੰ ਹੀ ਸੂ ਚੀ ਨੂੰ ਦੱਸ ਦਿੱਤਾ ਸੀ।

ਹਾਲਾਂਕਿ ਇਸ ਬਾਰੇ ਉਨ੍ਹਾਂ ਨੇ ਕੋਈ ਰਿਐਕਸ਼ਨ ਨਹੀਂ ਦਿੱਤਾ। ਪਿਛਲੇ ਸਾਲ ਖ਼ਬਰਾਂ ਆਈਆਂ ਸੀ ਕਿ ਮਿਆਂਮਾਰ ਦੀ ਸੈਨਾ ਦੇ ਜ਼ੁਲਮਾਂ ਕਰਕੇ ਉੱਥੇ ਰਹਿਣ ਵਾਲੇ ਰੋਹਿੰਗੀਆ ਮੁਸਲਮਾਨਾਂ ਨੂੰ ਪਲਾਇਨ ਕਰਨਾ ਪਿਆ ਸੀ। ਇਸ ਤੋਂ ਬਾਅਦ ਕਈ ਇੰਟਰਨੈਸ਼ਨਲ ਸੰਗਠਨਾਂ ਨੇ ਆਂਗ ਸਾਨ ਸੂ ਚੀ ਤੋਂ ਸੈਨਾ ਦੀ ਕਾਰਵਾਈ ‘ਤੇ ਕੋਈ ਪ੍ਰਤੀਕਿਰੀਆ ਦੇਣ ਦੀ ਮੰਗ ਕੀਤੀ ਸੀ ਪਰ ਸੂ ਚੀ ਨੇ ਆਪਣੇ ਚੁੱਪੀ ਬਰਕਰਾਰ ਰੱਖੀ। ਇਸੇ ਨੂੰ ਲੈ ਕੇ ਉਸ ਨੂੰ ਦਿੱਤਾ ਸਨਮਾਨ ਵਾਪਸ ਲਿਆ ਗਿਆ ਸੀ।