ਵਾਸ਼ਿੰਗਟਨ: ਵਿਗਿਆਨੀਆਂ ਨੇ ਅਜਿਹੀਆਂ ਆਧੁਨਿਕ ਵਸਤੂਆਂ ਨੂੰ ਵਿਕਸਤ ਕਰਨ ਦਾ ਦਾਅਵਾ ਕੀਤਾ ਹੈ ਜੋ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਨੂੰ ਇੱਕ ਵਾਰ ਚਾਰਜ ਕਰਨ 'ਤੇ 800 ਕਿਲੋਮੀਟਰ ਤਕ ਦੀ ਦੂਰੀ ਤੈਅ ਕਰਨ ਦੇ ਸਮਰੱਥ ਬਣਾਏਗੀ। ਅਮਰੀਕਾ ਦੀ ਇਲਿਨੋਇਸ ਯੂਨੀਵਰਸਿਟੀ ਦੇ ਖੋਜਕਾਰੀਆਂ ਦਾ ਕਹਿਣਾ ਹੈ ਕਿ ਲੀਥੀਅਮ ਏਅਰ ਬੈਟਰੀ ਵਿੱਚ ਮੌਜੂਦਾ ਸਮੇਂ 'ਚ ਵਰਤੀ ਜਾ ਰਹੀ ਲੀਥੀਅਮ ਆਇਨ ਬੈਟਰੀ ਦੇ ਮੁਕਾਬਲੇ 10 ਗੁਣਾ ਵੱਧ ਊਰਜਾ ਸਮਾ ਸਕਦੀ ਹੈ।


ਹਾਲਾਂਕਿ, ਵਿਗਿਆਨੀਆਂ ਵੱਲੋਂ ਖੋਜੀ ਇਹ ਨਵੀਂ ਬੈਟਰੀ ਹਾਲੇ ਪ੍ਰੀਖਣ ਪ੍ਰਕਿਰਿਆ ਵਿੱਚੋਂ ਲੰਘ ਰਹੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਲੀਥੀਅਮ ਏਅਰ ਬੈਟਰੀ ਵਧੇਰੇ ਪ੍ਰਭਾਵਸ਼ਾਲੀ ਹਨ ਤੇ ਦੋ-ਭੁਜਾਈ ਵਸਤੂਆਂ ਨਾਲ ਬਣੇ ਬੇਹੱਦ ਅਸਰਦਾਰ ਕੈਟੇਲਿਸਟਾਂ ਨੂੰ ਸ਼ਾਮਲ ਕਰਨ ਨਾਲ ਹੀ ਉਹ ਵੱਧ ਚਾਰਜ ਦੇ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਕੈਟੇਲਿਸਟ ਨਾ ਸਿਰਫ ਰਸਾਇਨਿਕ ਪ੍ਰਕਿਰਿਆ ਤੇਜ਼ ਕਰਦੇ ਹਨ ਬਲਕਿ ਵੱਧ ਊਰਜਾ ਸਮਾਉਣ ਦੀ ਤਾਕਤ ਵੀ ਰੱਖਦੇ ਹਨ।

ਖੋਜ ਦੌਰਾਨ ਵਿਗਿਆਨੀਆਂ ਨੇ ਅਜਿਹੀਆਂ ਕਈ ਟੂ-ਡੀ ਵਸਤੂਆਂ ਦਾ ਅਧਿਐਨ ਕੀਤਾ ਜੋ ਕੈਟੇਲਿਸਟ ਵਜੋਂ ਵੀ ਕੰਮ ਕਰ ਸਕਦੀਆਂ ਹਨ। ਉਨ੍ਹਾਂ ਪਾਇਆ ਕਿ ਪਾਰੰਪਰਿਕ ਕੈਟੇਲਿਸਟਾਂ ਤੋਂ ਤਿਆਰ ਕੀਤੀ ਲੀਥੀਅਮ ਏਅਰ ਬੈਟਰੀ ਦੇ ਮੁਕਾਬਲੇ ਇਨ੍ਹਾਂ ਨਵੇਂ ਕੈਟੇਲਿਸਟਾਂ ਨਾਲ ਬਣੀ ਬੈਟਰੀ 10 ਗੁਣਾ ਵੱਧ ਊਰਜਾ ਸੰਭਾਲ ਸਕਦੀ ਹੈ।