Tech Layoffs: ਟੈਕ ਇੰਡਸਟਰੀ ਵਿੱਚ ਛਾਂਟੀ ਦਾ ਦੌਰ ਚੱਲ ਰਿਹਾ ਹੈ। ਇੰਟੇਲ (Intel) ਤੋਂ ਬਾਅਦ ਹੁਣ ਦੁਨੀਆ ਦੀ ਮਸ਼ਹੂਰ ਕੰਪਿਊਟਰ ਨਿਰਮਾਤਾ ਕੰਪਨੀ ਡੇਲ (Dell) ਨੇ ਵੀ ਵੱਡੀ ਛਾਂਟੀ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਦੀ ਇਸ ਛਾਂਟੀ ਦਾ ਪੂਰੀ ਦੁਨੀਆ 'ਤੇ ਅਸਰ ਪਵੇਗਾ। ਡੈਲ ਆਪਣੇ ਲਗਪਗ 10 ਪ੍ਰਤੀਸ਼ਤ ਕਰਮਚਾਰੀਆਂ ਦੀ ਛਾਂਟੀ ਕਰੇਗੀ। ਇਸ ਕਾਰਨ ਲਗਪਗ 12,500 ਕਰਮਚਾਰੀਆਂ ਦੀ ਨੌਕਰੀ ਜਾਏਗੀ। ਇਸ ਛਾਂਟੀ ਦਾ ਸਭ ਤੋਂ ਵੱਧ ਅਸਰ ਕੰਪਨੀ ਦੇ ਸੇਲ ਡਿਵੀਜ਼ਨ 'ਤੇ ਪਵੇਗਾ।
ਸੇਲਜ਼ ਟੀਮ 'ਤੇ ਪਏਗੀ ਮਾਰ
ਬਿਜ਼ਨਸ ਇਨਸਾਈਡਰ ਦੀ ਰਿਪੋਰਟ ਅਨੁਸਾਰ, ਡੈਲ ਨੇ ਇੱਕ ਅੰਦਰੂਨੀ ਮੀਮੋ ਰਾਹੀਂ ਕਰਮਚਾਰੀਆਂ ਨੂੰ ਇਸ ਛਾਂਟੀ ਯੋਜਨਾ ਬਾਰੇ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਦੱਸਿਆ ਹੈ ਕਿ ਉਹ ਆਪਣੀ ਸੇਲਜ਼ ਟੀਮ 'ਚ ਬਦਲਾਅ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਤ ਵਿਕਰੀ ਯੂਨਿਟ ਵੀ ਬਣਾਇਆ ਜਾਵੇਗਾ। ਕੰਪਨੀ AI 'ਤੇ ਫੋਕਸ ਵਧਾਉਣਾ ਚਾਹੁੰਦੀ ਹੈ। ਹਾਲਾਂਕਿ, ਕੰਪਨੀ ਨੇ ਛਾਂਟੀ ਦੀ ਸਹੀ ਗਿਣਤੀ ਬਾਰੇ ਜਾਣਕਾਰੀ ਨਹੀਂ ਦਿੱਤੀ ਪਰ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ 10 ਪ੍ਰਤੀਸ਼ਤ ਤੋਂ ਵੱਧ ਕਰਮਚਾਰੀ ਇਸ ਦੇ ਸ਼ਿਕਾਰ ਹੋਣਗੇ।
ਕੰਪਨੀ ਗਲੋਬਲ ਸੇਲਜ਼ ਮਾਡਰਨਾਈਜ਼ੇਸ਼ਨ ਸਕੀਮ 'ਤੇ ਕੰਮ ਕਰ ਰਹੀ
ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਅੰਦਰੂਨੀ ਮੀਮੋ ਡੈਲ ਦੇ ਸੀਨੀਅਰ ਕਾਰਜਕਾਰੀ ਬਿਲ ਸਕੈਨਲ ਤੇ ਜੌਹਨ ਬਾਇਰਨ ਦੁਆਰਾ ਭੇਜਿਆ ਗਿਆ ਹੈ। ਇਸ ਨੂੰ ਗਲੋਬਲ ਸੇਲਜ਼ ਮਾਡਰਨਾਈਜ਼ੇਸ਼ਨ ਅਪਡੇਟ ਦਾ ਨਾਂ ਦਿੱਤਾ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਅਸੀਂ ਆਪਣੇ ਕਾਰੋਬਾਰ ਨੂੰ ਨਵੀਂ ਦਿਸ਼ਾ ਦੇਣ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਾਂ। ਪੁਨਰਗਠਨ ਪ੍ਰਬੰਧਨ ਤੇ ਨਿਵੇਸ਼ ਲਈ ਤਰਜੀਹਾਂ ਵੀ ਬਦਲ ਰਹੀਆਂ ਹਨ। ਸਾਨੂੰ ਆਪਣੀ ਵਿਕਰੀ ਬਾਰੇ ਪੁਨਰ ਵਿਚਾਰ ਕਰਨ ਦੀ ਲੋੜ ਹੈ।
ਮੈਨੇਜਰ, ਡਾਇਰੈਕਟਰ ਤੇ ਵਾਈਸ ਪ੍ਰੈਜ਼ੀਡੈਂਟ ਵਰਗੇ ਵੱਡੇ ਅਹੁਦਿਆਂ 'ਤੇ ਤਲਵਾਰ
ਡੈਲ ਦੇ ਸੇਲਜ਼ ਡਿਵੀਜ਼ਨ ਦੇ ਕਈ ਕਰਮਚਾਰੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਕਈ ਜਾਣਕਾਰ ਵੀ ਛਾਂਟੀ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਛਾਂਟੀ ਦਾ ਸਭ ਤੋਂ ਵੱਧ ਅਸਰ ਮੈਨੇਜਰ, ਡਾਇਰੈਕਟਰ ਤੇ ਵਾਈਸ ਪ੍ਰੈਜ਼ੀਡੈਂਟ ਵਰਗੇ ਸੀਨੀਅਰ ਅਹੁਦਿਆਂ 'ਤੇ ਬੈਠੇ ਲੋਕਾਂ 'ਤੇ ਪਿਆ ਹੈ। ਉਨ੍ਹਾਂ ਵਿੱਚੋਂ ਕੁਝ 20 ਸਾਲਾਂ ਤੋਂ ਵੱਧ ਸਮੇਂ ਤੋਂ ਕੰਪਨੀ ਨਾਲ ਜੁੜੇ ਹੋਏ ਸਨ। ਇਸ ਤੋਂ ਇਲਾਵਾ ਮੰਡੀਕਰਨ ਤੇ ਸੰਚਾਲਨ ਟੀਮ ਵੀ ਛਾਂਟੀ ਦਾ ਸ਼ਿਕਾਰ ਹੋਈ ਹੈ। ਹੁਣ ਇੱਕ ਮੈਨੇਜਰ ਕੋਲ ਘੱਟੋ-ਘੱਟ 15 ਲੋਕਾਂ ਦੀ ਟੀਮ ਹੈ।