ਹੁਣ ਰੀਚਾਰਜ ਪਲਾਨ ਦੇ ਮਾਮਲੇ 'ਚ ਟੈਲੀਕਾਮ ਕੰਪਨੀਆਂ ਦੀ ਮਨਮਰਜ਼ੀ ਨਹੀਂ ਚੱਲੇਗੀ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ ਕੰਪਨੀਆਂ ਨੂੰ ਹੁਕਮ ਦਿੱਤਾ ਹੈ ਕਿ ਹੁਣ ਉਨ੍ਹਾਂ ਨੂੰ ਸਿਰਫ ਵਾਇਸ ਕਾਲਿੰਗ ਅਤੇ SMS ਲਈ ਟੈਰਿਫ ਪਲਾਨ ਲਿਆਉਣਾ ਹੋਵੇਗਾ। ਇਸ ਦਾ ਮਤਲਬ ਹੈ ਕਿ ਹੁਣ ਕੰਪਨੀਆਂ ਆਪਣੇ ਪਲਾਨ 'ਚ ਮੋਬਾਈਲ ਡਾਟਾ ਦੇ ਕੇ ਵਾਧੂ ਪੈਸੇ ਨਹੀਂ ਲੈ ਸਕਣਗੀਆਂ। ਇਸ ਦਾ ਅਸਰ ਦੇਸ਼ ਦੇ ਲਗਭਗ 15 ਕਰੋੜ 2ਜੀ ਯੂਜ਼ਰਸ 'ਤੇ ਹੋਵੇਗਾ, ਜੋ ਆਪਣੇ ਪਲਾਨ 'ਚ ਡਾਟਾ ਲਈ ਭੁਗਤਾਨ ਨਹੀਂ ਕਰਨਾ ਚਾਹੁੰਦੇ ਹਨ।


30 ਦਿਨਾਂ ਵਿੱਚ ਲਾਗੂ ਹੋ ਜਾਵੇਗਾ ਹੁਕਮ


ਟਰਾਈ ਦਾ ਇਹ ਹੁਕਮ ਅਗਲੇ 30 ਦਿਨਾਂ ਵਿੱਚ ਲਾਗੂ ਹੋ ਜਾਵੇਗਾ। ਇਸ ਹੁਕਮ 'ਚ ਕਿਹਾ ਗਿਆ ਹੈ ਕਿ ਕੰਪਨੀਆਂ ਨੂੰ ਆਪਣੇ ਮੌਜੂਦਾ ਰੀਚਾਰਜ ਪਲਾਨ ਦੇ ਨਾਲ ਅਜਿਹੇ ਪਲਾਨ ਵੀ ਲਿਆਉਣੇ ਹੋਣਗੇ ਜਿਨ੍ਹਾਂ 'ਚ ਸਿਰਫ ਵਾਇਸ ਕਾਲਿੰਗ ਅਤੇ ਐੱਸ.ਐੱਮ.ਐੱਸ. ਦੇ ਫਾਇਦੇ ਵੀ ਹੋਣ। ਅਜਿਹੇ ਪਲਾਨਸ ਉਨ੍ਹਾਂ ਲਈ ਜ਼ਰੂਰੀ ਹਨ ਜਿਨ੍ਹਾਂ ਨੂੰ ਡੇਟਾ ਦੀ ਜ਼ਰੂਰਤ ਨਹੀਂ ਹੈ। ਫੀਚਰ ਫੋਨ ਯੂਜ਼ਰਸ ਦੇ ਨਾਲ-ਨਾਲ ਇਸ ਦਾ ਫਾਇਦਾ ਉਨ੍ਹਾਂ ਲੋਕਾਂ ਨੂੰ ਵੀ ਹੋਵੇਗਾ, ਜਿਹੜੇ 2 ਸਿਮ ਦੀ ਵਰਤੋਂ ਕਰਦੇ ਹਨ।


ਕੁਝ ਕੰਪਨੀਆਂ ਕਰ ਰਹੀਆਂ ਸਨ ਵਿਰੋਧ


ਪ੍ਰਾਈਵੇਟ ਕੰਪਨੀਆਂ ਟਰਾਈ ਦੀ ਇਸ ਕੋਸ਼ਿਸ਼ ਦਾ ਵਿਰੋਧ ਕਰ ਰਹੀਆਂ ਸਨ। ਦਰਅਸਲ, ਜੀਓ ਅਤੇ ਏਅਰਟੈੱਲ ਵਰਗੀਆਂ ਕੰਪਨੀਆਂ ਤੇਜ਼ੀ ਨਾਲ ਆਪਣੇ 2ਜੀ ਯੂਜ਼ਰਸ ਨੂੰ 4ਜੀ ਨੈੱਟਵਰਕ 'ਤੇ ਸ਼ਿਫਟ ਕਰ ਰਹੀਆਂ ਹਨ ਤਾਂ ਕਿ ਉਨ੍ਹਾਂ ਦੀ ਕਮਾਈ ਵਿੱਚ ਵਾਧਾ ਹੋ ਸਕੇ। ਜੀਓ ਨੇ 2ਜੀ ਤਕਨਾਲੌਜੀ ਨੂੰ ਰਾਹ ਦਾ ਰੋੜਾ ਦੱਸਦਿਆਂ ਹੋਇਆਂ ਕਿਹਾ ਸੀ ਕਿ ਇਸ ਕਾਰਨ ਲੋਕ ਡਿਜੀਟਲ ਕ੍ਰਾਂਤੀ ਦਾ ਪੂਰਾ ਫਾਇਦਾ ਨਹੀਂ ਉਠਾ ਪਾ ਰਹੇ ਹਨ। ਹਾਲਾਂਕਿ, ਸਰਕਾਰੀ ਕੰਪਨੀ BSNL ਨੇ ਸਿਰਫ ਵਾਇਸ ਅਤੇ SMS ONLY ਪਲਾਨ ਲਿਆਉਣ ਵਿੱਚ TRAI ਦਾ ਸਮਰਥਨ ਕੀਤਾ ਸੀ।


ਵੈਲੀਡਿਟੀ ਵੀ ਵਧਾਈ ਗਈ
ਪ੍ਰਾਈਵੇਟ ਕੰਪਨੀਆਂ ਨੇ ਕਿਹਾ ਕਿ ਉਨ੍ਹਾਂ ਦੇ ਪਲਾਨ 'ਚ ਹਰ ਤਰ੍ਹਾਂ ਦੇ ਯੂਜ਼ਰਸ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਗਿਆ ਹੈ ਪਰ ਟਰਾਈ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਹੁਣ ਵੀ ਦੇਸ਼ 'ਚ ਕਰੀਬ 15 ਕਰੋੜ ਯੂਜ਼ਰਸ ਫੀਚਰ ਫੋਨ ਦੀ ਵਰਤੋਂ ਕਰ ਰਹੇ ਹਨ ਅਤੇ ਉਨ੍ਹਾਂ ਲਈ ਅਜਿਹੇ ਪਲਾਨ ਜ਼ਰੂਰੀ ਹਨ। ਨਾਲ ਹੀ, TRAI ਨੇ ਵਿਸ਼ੇਸ਼ ਟੈਰਿਫ ਵਾਊਚਰ (STV) ਅਤੇ ਕੋਂਬੋ ਵਾਊਚਰ ਦੀ ਅਧਿਕਤਮ ਵੈਲੀਡਿਟੀ ਨੂੰ ਮੌਜੂਦਾ 90 ਦਿਨਾਂ ਤੋਂ ਵਧਾ ਕੇ 365 ਦਿਨ ਕਰ ਦਿੱਤਾ ਹੈ।