Patiala News: ਸਾਈਬਰ ਕ੍ਰਾਈਮ ਕਰਨ ਵਾਲੇ ਇੰਨੇ ਸ਼ਾਤਿਰ ਹੋ ਗਏ ਹਨ ਕਿ ਪੜ੍ਹਿਆ-ਲਿਖਿਆ ਸਾਫਟਵੇਅਰ ਇੰਜਨੀਅਰ ਵੀ ਉਨ੍ਹਾਂ ਸਾਹਮਣੇ ਜ਼ੀਰੋ ਹੋ ਗਿਆ। ਇਨ੍ਹਾਂ ਨੌਸਰਬਾਜ਼ਾਂ ਦੇ ਝਾਂਸੇ ਵਿੱਚ ਆ ਕੇ ਸਾਫਟਵੇਅਰ ਇੰਜਨੀਅਰ ਨੇ 23 ਲੱਖ ਰੁਪਏ ਦੀ ਠੱਗੀ ਮਰਵਾ ਲਈ। ਇਸ ਆਨਲਾਈਨ ਠੱਗੀ ਦਾ ਕਹਾਣੀ ਸੁਣ ਕੇ ਪੁਲਿਸ ਵੀ ਹੈਰਾਨ ਹੈ।


ਦਰਅਸਲ ਪਟਿਆਲਾ ਦੇ ਇੱਕ ਸਾਫਟਵੇਅਰ ਇੰਜਨੀਅਰ ਨਾਲ਼ ਦੋ ਨੌਸਰਬਾਜ਼ਾਂ ਵੱਲੋਂ 22.76 ਲੱਖ ਰੁਪਏ ਦੀ ਆਨਲਾਈਨ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗਾਂ ਵੱਲੋਂ ਵਰਤੇ ਗਏ ਮੋਬਾਈਲ ਫੋਨ ਨੰਬਰ ਦੀ ਸੀਰੀਜ਼ ਬੈਂਕ ਦੇ ਮੋਬਾਈਲ ਫੋਨ ਨੰਬਰਾਂ ਨਾਲ ਮਿਲਦੀ-ਜੁਲਦੀ ਹੋਣ ਸਮੇਤ ਠੱਗਾਂ ਨੂੰ ਕਈ ਗੱਲਾਂ ਅਗਾਊਂ ਪਤਾ ਸਨ। ਇਸ ਕਰਕੇ ਇਹ ਸਾਫਟਵੇਅਰ ਇੰਜੀਨੀਅਰ ਉਨ੍ਹਾਂ ਦੇ ਝਾਂਸੇ ’ਚ ਆ ਗਿਆ ਤੇ ਕਰੀਬ 23 ਲੱਖ ਦੀ ਠੱਗੀ ਦਾ ਸ਼ਿਕਾਰ ਹੋ ਗਿਆ।


ਪੀੜਤ ਨੂੰ ਇਸ ਫਰਾਡ ’ਚ ਬੈਂਕ ਨਾਲ ਸਬੰਧਤ ਕਿਸੇ ਵਿਅਕਤੀ ਦੇ ਵੀ ਮਿਲੇ ਹੋਣ ਦਾ ਸ਼ੱਕ ਹੈ। ਡੀਐਸਪੀ ਸਿਟੀ 2 ਜਸਵਿੰਦਰ ਟਿਵਾਣਾ ਦਾ ਕਹਿਣਾ ਹੈ ਕਿ ਭਾਵੇਂ ਇਹ ਪੇਚੀਦਾ ਮਾਮਲਾ ਹੈ, ਪਰ ਪੁਲਿਸ ਦੋਸ਼ੀਆਂ ਦੀ ਪੈੜ ਨੱਪਦੀ ਹੋਈ ਉਨ੍ਹਾਂ ਤੱਕ ਜਾ ਅਪੱੜੇਗੀ। ਠੱਗੀ ਦੀ ਇਹ ਪ੍ਰਕਿਰਿਆ ਪੰਜ ਦਿਨਾਂ ’ਚ ਮੁਕੰਮਲ ਹੋਈ।


ਇਸ ਦੌਰਾਨ ਸ਼ਿਕਾਇਤਕਰਤਾ ਨੇ ਉਸ ਨੂੰ ਬੈਂਕ ਮੁਲਾਜ਼ਮ ਦੱਸ ਕੇ ਫੋਨ ਕਰਨ ਵਾਲ਼ੇ ਵਿਅਕਤੀਆਂ ਵੱਲੋਂ ਆਏ ਫੋਨ ਨੰਬਰ ਦੇ ਹਵਾਲੇ ਨਾਲ ਸੀਰੀਜ਼ ਬਾਰੇ ਵੀ ਆਪਣੇ ਬੈਂਕ ’ਚ ਫੋਨ ਕਰਕੇ ਪੁੱਛ ਪੜਤਾਲ਼ ਕੀਤੀ। ਪੜਤਾਲ਼ ਦੌਰਾਨ ਬੈਂਕ ਵੱਲੋਂ ਦੱਸੀ ਗਈ ਸੀਰੀਜ਼ ਨਾਲ ਸਬੰਧਤ ਫੋਨ ਨੰਬਰ ਉਨ੍ਹਾਂ ਦੇ ਬੈਂਕ ਨਾਲ ਹੀ ਸਬੰਧਤ ਹੋਣ ਦੀ ਹਾਮੀ ਭਰਨ ’ਤੇ ਸਾਫਟਵੇਅਰ ਇੰਜਨੀਅਰ ਠੱਗਾਂ ਵੱਲੋਂ ਬੁਣੇ ਗਏ ਜਾਲ਼ ’ਚ ਫਸ ਗਿਆ। ਅਸਲ ’ਚ ਠੱਗਾਂ ਵੱਲੋਂ ਵਰਤੀ ਜਾ ਰਹੀ ਸੀਰੀਜ਼ ਨੂੰ +(ਪਲੱਸ) ਸਮੇਤ ਮਾਮੂਲੀ ਹੋਰ ਫਰਕ ਵੀ ਸੀ ਜਿਸ ਕਰਕੇ ਉਹ ਠੱਗੀ ਦਾ ਸ਼ਿਕਾਰ ਹੋ ਗਿਆ।


ਦੱਸ ਦਈਏ ਕਿ ਬੈਂਕ ਵੱਲੋਂ ਇਸ ਗਾਹਕ ਦੇ ਘਰ ਪਹਿਲਾਂ ਤੋਂ ਹੀ ਭੇਜੇ ਗਏ ਕ੍ਰੈਡਿਟ ਕਾਰਡ ਬਾਰੇ ਠੱਗਾਂ ਨੂੰ ਵੀ ਪਤਾ ਸੀ। ਇਸ ਦੌਰਾਨ ਠੱਗਾਂ ਨੇ ਉਸ ਦੇ ਖਾਤੇ ’ਚ ਪਏ ਪੰਜ ਲੱਖ ਰੁਪਏ ਉਡਾਉਣ ਸਮੇਤ ਉਸ ਦੇ ਨਾਮ ’ਤੇ 18 ਲੱਖ ਰੁਪਏ ਦਾ ਲੋਨ ਵੀ ਕਰਵਾ ਲਿਆ ਤੇ ਇਹ ਸਾਰੀ ਰਾਸ਼ੀ ਵੀ ਠੱਗਾਂ ਨੇ ਆਪਣੇ ਖਾਤਿਆਂ ’ਚ ਟਰਾਂਸਫਰ ਕਰ ਲਈ।


ਇਹ ਵੀ ਪੜ੍ਹੋ: SYL Dipute: ਪਾਣੀ ਛੱਡੋ ਤੁਪਕਾ ਨਹੀਂ ਦਿੰਦੇ....ਸੀਐਮ ਭਗਵੰਤ ਮਾਨ ਦੀ ਹਰਿਆਣਾ ਤੇ ਕੇਂਦਰ ਸਰਕਾਰ ਨੂੰ ਦੋ-ਟੁੱਕ


ਇਸ ਤਰ੍ਹਾਂ ਇਸ ਸਾਫਟਵੇਅਰ ਇੰਜਨੀਅਰ ਨਾਲ਼ 22,76,500 ਰੁਪਏ ਦੀ ਠੱਗੀ ਲੱਗ ਗਈ ਕਿਉਂਕਿ ਬੈਂਕ ਵੱਲੋਂ ਇਹ ਲੋਨ ਵੀ ਇਸ ਗਾਹਕ ਦੇ ਖਾਤੇ ਹੀ ਪਾਇਆ ਜਾ ਰਿਹਾ ਹੈ ਕਿਉਂਕਿ ਠੱਗਾਂ ਨੂੰ ਓਟੀਪੀ/ਪਾਸਵਰਡ ਆਦਿ ਦੇਣ ਦੀ ਉਹ ਗਲਤੀ ਕਰ ਗਿਆ। ਥਾਣਾ ਤ੍ਰਿਪੜੀ ਦੇ ਐਸਐਚਓ ਇੰਸਪੈਕਟਰ ਪਰਦੀਪ ਬਾਜਵਾ ਨੇ ਦੱਸਿਆ ਕਿ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 420 ਤੇ 120-ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।


ਇਹ ਵੀ ਪੜ੍ਹੋ: Viral News: ਦੋ ਦੇਸ਼ਾਂ ਦੀ ਸਰਹੱਦ 'ਤੇ ਮੌਜੂਦ ਇਹ ਓਪੇਰਾ ਹਾਊਸ, ਇੱਕ ਦੇਸ਼ ਵਿੱਚ ਆਉਂਦਾ ਸਟੇਜ ਤੇ ਦੂਜੇ ਦੇਸ਼ ਵਿੱਚ ਬੈਠਦੇ ਨੇ ਦਰਸ਼ਕ