ਇਨ੍ਹੀਂ ਦਿਨੀਂ ਯੂ-ਟਿਊਬ 'ਤੇ ਬੱਚਿਆਂ 'ਚ ਇੱਕ ਵੀਡੀਓ ਬਹੁਤ ਮਸ਼ਹੂਰ ਹੋ ਰਹੀ ਹੈ। ਇੱਥੋਂ ਤੱਕ ਕਿ ਮਾਪੇ ਅਤੇ ਅਧਿਆਪਕ ਵੀ ਵੀਡੀਓ ਦੀ ਨਜ਼ਰ ਤੋਂ ਬਚ ਨਹੀਂ ਸਕੇ। ਸੋਮਵਾਰ ਨੂੰ ਬੇਬੀ ਸ਼ਾਰਕ ਨੇ 7.04 ਮਿਲੀਅਨ ਤੋਂ ਵੱਧ ਵਿਯੂਜ਼ ਦਾ ਨਵਾਂ ਰਿਕਾਰਡ ਕਾਇਮ ਕੀਤਾ। ਇਸ ਤੋਂ ਪਹਿਲਾਂ, 7.03 ਮਿਲੀਅਨ ਵਿਊਜ਼ ਦਾ ਰਿਕਾਰਡ ਲੇਵਿਸ ਫੋਂਸੀ ਤੇ ਡੈਡੀ ਯੈਂਕੀਜ਼ ਦੇ 'ਡੇਸਪਾਸੀਟੋ' ਦੇ ਨਾਮ ਸੀ।

ਬੇਬੀ ਸ਼ਾਰਕ ਵੀਡੀਓ ਨੂੰ ਚਾਰ ਸਾਲ ਪਹਿਲਾਂ ਯੂ-ਟਿਊਬ 'ਤੇ ਅਪਲੋਡ ਕੀਤਾ ਗਿਆ ਸੀ। ਗਾਣੇ ਦੀ ਵੀਡੀਓ, ਜੋ ਦੋ ਮਿੰਟ ਤੋਂ ਵੱਧ ਲੰਬੀ ਹੈ, ਆਸਾਨ ਅਤੇ ਸਧਾਰਣ ਡਾਂਸ ਦੇ ਸਟੈਪਸ ਦਰਸ਼ਾਉਂਦੀ ਹੈ। ਇਹ ਗਾਣਾ ਛੋਟੇ ਬੱਚਿਆਂ 'ਚ ਬਹੁਤ ਮਸ਼ਹੂਰ ਹੋ ਰਿਹਾ ਹੈ, ਖ਼ਾਸਕਰ ਪੰਜ ਸਾਲ ਤੋਂ ਘੱਟ ਉਮਰ ਦੇ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਗਾਣੇ ਦੇ ਬੋਲ ਕਿਸ ਨੇ ਲਿਖੇ ਹਨ। ਇਹ ਕਿਹਾ ਜਾਂਦਾ ਹੈ ਕਿ ਇਹ ਇੱਕ ਪ੍ਰਸਿੱਧ ਅਮਰੀਕੀ ਕੈਂਪਫਾਇਰ ਗਾਣਾ ਹੈ ਤੇ ਇਸ ਨੂੰ ਵਾਰ-ਵਾਰ ਨਵੇਂ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ।



ਫਿਰ ਵੀ, ਬੇਬੀ ਸ਼ਾਰਕ ਸਿਓਲ ਦੀ ਪ੍ਰੋਡਕਸ਼ਨ ਕੰਪਨੀ ਪਿੰਕਫੋਂਗ ਦੇ ਰੀਮੇਕ ਅਤੇ ਰੀਮਿਕਸ ਤੋਂ ਬਾਅਦ ਇਕ ਗਲੋਬਲ ਸਨਸਨੀ ਬਣ ਗਿਆ। ਇਹ ਗਾਣਾ 10 ਸਾਲਾ ਕੋਰੀਅਨ-ਅਮਰੀਕੀ ਗਾਇਕ ਹੋਪ ਸਿਜੌਨ ਨੇ ਗਾਇਆ ਹੈ। ਗਾਣੇ ਦੇ ਇੰਗਲਿਸ਼ ਵਰਜ਼ਨ ਦੀ ਵੀਡੀਓ ਜੂਨ 2016 'ਚ ਜਾਰੀ ਕੀਤੀ ਗਈ ਸੀ। 2019 ਵਿੱਚ ਬੱਚਿਆਂ ਦੇ ਗੀਤਕਾਰ ਜੋਨਾਥਨ ਰੇਟ ਨੇ ਪਿੰਕਫੋਂਗ ਕੰਪਨੀ ਦੇ ਵਿਰੁੱਧ ਇੱਕ ਕਾੱਪੀ ਰਾਈਟ ਉਲੰਘਣਾ ਦਾ ਕੇਸ ਦਾਇਰ ਕੀਤਾ।

ਬੇਬੀ ਸ਼ਾਰਕ ਦੱਖਣ-ਪੂਰਬੀ ਏਸ਼ੀਆ 'ਚ ਪਹਿਲੀ ਵਾਰ ਵਾਇਰਲ ਹੋਣ ਤੋਂ ਬਾਅਦ ਅਮਰੀਕਾ ਅਤੇ ਯੂਰਪ 'ਚ ਹਿੱਟ ਸਾਬਤ ਹੋਇਆ। ਵੀਡੀਓ ਦੇ ਸਨਸਨੀ ਬਣਨ ਦਾ ਕਾਰਨ ਗਾਣੇ ਦਾ ਮਨਮੋਹਕ ਸੰਗੀਤ ਅਤੇ ਆਕਰਸ਼ਕ ਵਿਜ਼ੂਅਲ ਹਨ। ਬੀਬੀਸੀ ਦੀ ਇਕ ਰਿਪੋਰਟ ਅਨੁਸਾਰ ਬੇਬੀ ਸ਼ਾਰਕ ਦੇ ਨਿਰਮਾਤਾਵਾਂ ਨੇ ਇਕੱਲੇ ਯੂ ਟਿਊਬ ਸਟ੍ਰੀਮ ਤੋਂ ਲਗਭਗ 5.2 ਮਿਲੀਅਨ ਡਾਲਰ ਦੀ ਕਮਾਈ ਕੀਤੀ।