ਨਵੀਂ ਦਿੱਲੀ: ਭਾਰਤ ’ਚ ਪਾਬੰਦੀਸ਼ੁਦਾ ਸੋਸ਼ਲ ਮੀਡੀਆ ਐਪ ‘ਟਿਕਟੌਕ’ ਨੇ ਪੂਰੀ ਦੁਨੀਆ ’ਚ ਵੱਡਾ ਰਿਕਾਰਡ ਕਾਇਮ ਕਰ ਦਿੱਤਾ ਹੈ। ਇਸ ਵਰ੍ਹੇ 2020 ਦੌਰਾਨ ‘ਟਿਕਟੌਕ’ ਦੁਨੀਆ ਦੀ ਸਭ ਤੋਂ ਵੱਧ ਡਾਊਨਲੋਡ ਕੀਤੀ ਜਾਣ ਵਾਲੀ ਐਪ ਬਣ ਚੁੱਕੀ ਹੈ। ਇਸ ਦੇ ਨਾਲ ਹੀ ਇਸ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਫ਼ੇਸਬੁੱਕ’ ਨੂੰ ਵੀ ਪਛਾੜ ਦਿੱਤਾ ਹੈ। ਪਿਛਲੇ ਕੁਝ ਸਾਲਾਂ ਤੋਂ ‘ਫ਼ੇਸਬੁੱਕ’ ਹੀ ਅੱਵਲ ਨੰਬਰ ਸੀ ਪਰ ਇਸ ਵਰ੍ਹੇ ‘ਟਿਕਟੌਕ’ ਨੇ ਤਿੰਨ ਸਥਾਨਾਂ ਦੀ ਲੰਮੀ ਪੁਲਾਂਘ ਪੁੱਟ ਕੇ ‘ਨੰਬਰ ਵਨ’ ਦਾ ਖ਼ਿਤਾਬ ਹਾਸਲ ਕੀਤਾ ਹੈ। ਇਸ ਵਰ੍ਹੇ ਵਿਸ਼ਵ ਪੱਧਰ ’ਤੇ ‘ਟਿਕਟੌਕ’ ਨੂੰ ਸਭ ਤੋਂ ਡਾਊਨਲੋਡ ਕੀਤਾ ਗਿਆ ਹੈ। ਮੋਬਾਇਲ ਐਪ ਐਨਾਲਿਟਿਕਸ ਫ਼ਰਮ APP ANNIE ਦੀ ਰਿਪੋਰਟ ਮੁਤਾਬਕ ‘ਟਿਕਟੌਕ’ ਨੂੰ ਐਂਡ੍ਰਾਇਡ ਤੇ ਆਈਓਐੱਸ ਦੋਵੇਂ ਹੀ ਫ਼ੋਨਾਂ ਉੱਤੇ ਸਭ ਤੋਂ ਵੱਧ ਡਾਊਨਲੋਡ ਕੀਤਾ ਗਿਆ ਹੈ। ਇਸ ਤੋਂ ਚੀਨ ਦੀ ਇਸ ਐਪ ਦੀ ਹਰਮਨਪਿਆਰਤਾ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਭਾਰਤ ’ਚ ‘ਟਿਕਟੌਕ’ ੳਤੇ ਹਾਲੇ ਪਿੱਛੇ ਜਿਹੇ ਬੈਨ ਲਾਇਆ ਗਿਆ ਹੈ। ਭਾਰਤ ਸਰਕਾਰ ਦਾ ਕਹਿਣਾ ਸੀ ਕਿ ‘ਟਿਕਟੌਕ’ ਭਾਰਤ ਦੀ ਅੰਦਰੂਨੀ ਸੁਰੱਖਿਆ ਲਈ ਖ਼ਤਰਾ ਹੈ। ਇਸ ਰਾਹੀਂ ਛੋਟੇ ਵਿਡੀਓ ਬਣਾਏ ਜਾ ਸਕਦੇ ਹਨ। APP ANNIE ਮੁਤਾਬਕ ‘ਟਿਕਟੌਕ’ ਸਾਲ 2021 ’ਚ ਇੱਕ ਅਰਬ ਸਰਗਰਮ ਵਰਤੋਂਕਾਰਾਂ (ਯੂਜ਼ਰਜ਼) ਦਾ ਅੰਕੜਾ ਕਰ ਸਕਦੀ ਹੈ। ਇਸ ਵਰ੍ਹੇ ਦੂਜੇ ਨੰਬਰ ਉੱਤੇ ‘ਫ਼ੇਸਬੁੱਕ’ ਤੇ ਤੀਜੇ ਨੰਬਰ ਉੱਤੇ ‘ਵ੍ਹਟਸਐਪ’ ਰਹੇ ਹਨ।