ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰ ਟਰਾਈ ਨੇ ਡੀਟੀਐਚ ਤੇ ਕੇਬਲ ਅਪਰੇਟਰਾਂ ਖ਼ਿਲਾਫ਼ ਹੋਰ ਸ਼ਿਕੰਜਾ ਕੱਸ ਦਿੱਤਾ ਹੈ। ਇਸ ਲਈ ਨਵੇਂ ਨਿਯਮ ਲਾਗੂ ਨਾ ਕਰਨ ਵਾਲੇ ਅਪਰੇਟਰਾਂ ਦੀ ਸ਼ਾਮਤ ਆ ਸਕਦੀ ਹੈ। ਟਰਾਈ ਨੇ ਉਨ੍ਹਾਂ ਡੀਟੀਐਚ ਅਪਰੇਟਰਾਂ ਤੇ ਕੇਬਲ ਟੀਵੀ ਨੈੱਟਵਰਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ ਜੋ ਨਵੇਂ ਹੁਕਮਾਂ ਦੀ ਉਲੰਘਣਾ ਕਰਦੇ ਮਿਲਣਗੇ।


ਟਰਾਈ ਨੇ ਗੜਬੜ ਕਰਨ ਵਾਲੇ ਅਪਰੇਟਰਾਂ ਦੇ ਗਾਹਕਾਂ ਲਈ ਸੇਵਾ ਪ੍ਰਬੰਧਨ ਤੇ ਆਈਟੀ ਸਿਸਟਮ ਦਾ ਛੇਤੀ ਹੀ ਆਡਿਟ ਕਰਨ ਦਾ ਵਾਅਦਾ ਕੀਤਾ ਹੈ। ਟਰਾਈ ਦੇ ਚੇਅਰਮੈਨ ਆਰ ਐਸ ਸ਼ਰਮਾ ਨੇ ਕਿਹਾ ਕਿ ਖਪਤਕਾਰਾਂ ਦੇ ਚੈਨਲ ਚੁਣਨ ਤੇ ਉਨ੍ਹਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਨੇਮਾਂ ਦੀ ਪਾਲਣਾ ਨਾ ਕਰਨ ਵਾਲੀਆਂ ਕੰਪਨੀਆਂ ਨੂੰ ਨਤੀਜੇ ਭੁਗਤਣੇ ਪੈਣਗੇ। ਸ਼ਰਮਾ ਨੇ ਕਿਹਾ ਕਿ ਇਸ ਹਰਕਤ ਨੂੰ ਗੰਭੀਰਤਾ ਨਾਲ ਲੈਂਦਿਆਂ 9 ਕੰਪਨੀਆਂ ਨੂੰ ਹਦਾਇਤਾਂ ਤੇ ਪੰਜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।