ਹੁਣ ਅਸਮਾਨ 'ਚ ਉੱਡਣਗੀਆਂ ਇਲੈਕਟ੍ਰਿਕ ਟੈਕਸੀਆਂ, ਸਫ਼ਲ ਅਜਮਾਇਸ਼
ਏਬੀਪੀ ਸਾਂਝਾ | 12 Jun 2019 02:51 PM (IST)
ਇਹ ਟੈਕਸੀ ਬੇਹੱਦ ਸਸਤੀ ਹੋਏਗੀ। ਇਸ ਨੂੰ ਆਮ ਟੈਕਸੀ 'ਤੇ ਆਉਣ ਜਾਣ ਵਾਲੇ ਖ਼ਰਚ 'ਤੇ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ। ਟੈਕਸੀ ਸੇਵਾ ਦੇਣ ਵਾਲੀ ਕੰਪਨੀ ਊਬਰ ਵੀ 9 ਜੁਲਾਈ ਤੋਂ 'ਊਬਰ ਕਾਪਟਰ' ਸੇਵਾ ਸ਼ੁਰੂ ਕਰਨ ਵਾਲੀ ਹੈ।
ਬਰਲਿਨ: ਪਿਛਲੇ ਦਿਨੀਂ ਡਰੋਨ ਤਕਨਾਲੋਜੀ 'ਤੇ ਆਧਾਰਤ ਦੁਨੀਆ ਦੀ ਪਹਿਲੀ ਇਲੈਕਟ੍ਰਿਕ ਟੈਕਸੀ ਦੀ ਸਫ਼ਲ ਅਜਮਾਇਸ਼ ਕੀਤੀ ਗਈ। ਇਹ ਟੈਕਸੀ ਅਗਲੇ ਸਾਲ ਅਸਮਾਨ ਵਿੱਚ ਉੱਡਦੀ ਨਜ਼ਰ ਆਏਗੀ। ਇਸ ਨੂੰ ਵੋਲੋਕਾਪਟਰ ਦਾ ਨਾਂ ਦਿੱਤਾ ਗਿਆ ਹੈ। ਇਸ ਨੂੰ ਬਣਾਉਣ ਵਾਲੀ ਜਰਮਨ ਕੰਪਨੀ ਦਾ ਦਾਅਵਾ ਹੈ ਕਿ ਇਹ ਪਹਿਲੀ ਮੈਨਡ ਟੈਕਸੀ ਹੋਏਗੀ ਜੋ ਸਿੱਧੇ ਟੇਕਆਫ ਤੇ ਲੈਂਡਿੰਗ ਕਰਨ ਦੇ ਸਮਰਥ ਹੋਏਗੀ। ਇਸ ਟੈਕਸੀ ਵਿੱਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਹੋਣਗੇ। ਹਰ ਉਡਾਣ ਤੋਂ ਪਹਿਲਾਂ ਰੋਬੋਟ ਦੁਆਰਾ ਇਸ ਦੀ ਬੈਟਰੀ ਬਦਲੀ ਜਾਏਗੀ। ਬੀਤੇ ਮਹੀਨੇ ਬਰਲਿਨ ਵਿੱਚ ਹੋਏ ਗ੍ਰੀਨਟੈਕ ਫੈਸਟੀਵਲ ਵਿੱਚ ਇਸ ਟੈਕਸੀ ਨੇ ਸਭ ਨੂੰ ਆਪਣੇ ਵੱਲ ਖਿੱਚ ਲਿਆ ਸੀ। ਇਸ ਟੈਕਸੀ ਦਾ ਲਕਸ਼ ਅਗਲੇ 10 ਸਾਲਾਂ ਤਕ ਦੁਨੀਆ ਵਿੱਚ ਹਰ ਘੰਟੇ ਇੱਕ ਲੱਖ ਯਾਤਰੀਆਂ ਨੂੰ ਲੈ ਕੇ ਜਾਣਾ ਹੈ। ਟੈਕਸੀ ਦੀ ਖ਼ਾਸੀਅਤ ਹੈ ਕਿ ਇਹ ਪੂਰੀ ਤਰ੍ਹਾਂ ਪ੍ਰਦੂਸ਼ਣ ਮੁਕਤ ਹੋਏਗੀ। ਇਸ ਦੀ ਆਵਾਜ਼ ਨਾਲ ਵੀ ਪ੍ਰਦੂਸ਼ਣ ਨਹੀਂ ਹੋਏਗਾ। ਸ਼ੁਰੂ ਵਿੱਚ ਇਹ 27 ਕਿਮੀ ਤਕ ਦੋ ਲੋਕਾਂ ਨੂੰ ਲੈ ਕੇ ਜਾਣ ਦੇ ਸਮਰਥ ਹੋਏਗੀ। ਕਿਹਾ ਜਾ ਰਿਹਾ ਹੈ ਕਿ ਅਗਲੇ ਸਾਲ ਦੇ ਅੰਤ ਤਕ ਟੈਕਸੀ ਉਡਾਣ ਭਰਨ ਲਈ ਤਿਆਰ ਹੋਏਗੀ। ਸਭ ਤੋਂ ਪਹਿਲਾਂ ਇਸ ਨੂੰ ਦੁਬਈ, ਸਿੰਗਾਪੁਰ ਤੇ ਜਰਮਨੀ ਵਿੱਚ ਸ਼ੁਰੂ ਕੀਤਾ ਜਾਏਗਾ। ਦੱਸ ਦੇਈਏ ਇਹ ਟੈਕਸੀ ਬੇਹੱਦ ਸਸਤੀ ਹੋਏਗੀ। ਇਸ ਨੂੰ ਆਮ ਟੈਕਸੀ 'ਤੇ ਆਉਣ ਜਾਣ ਵਾਲੇ ਖ਼ਰਚ 'ਤੇ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ। ਟੈਕਸੀ ਸੇਵਾ ਦੇਣ ਵਾਲੀ ਕੰਪਨੀ ਊਬਰ ਵੀ 9 ਜੁਲਾਈ ਤੋਂ 'ਊਬਰ ਕਾਪਟਰ' ਸੇਵਾ ਸ਼ੁਰੂ ਕਰਨ ਵਾਲੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਭ ਤੋਂ ਪਹਿਲਾਂ ਇਹ ਸਰਵਿਸ ਨਿਊਯਾਰਕ ਵਿੱਚ ਸ਼ੁਰੂ ਕੀਤੀ ਜਾਏਗੀ। ਕੰਪਨੀ ਮੁਾਤਬਕ ਪ੍ਰਤੀ ਵਿਅਕਤੀ ਉਡਾਣ ਦਾ ਖ਼ਰਚ 14 ਤੋਂ 16 ਹਜ਼ਾਰ ਵਿਚਾਲੇ ਹੋਏਗਾ।