ਵ੍ਹਟਸਐਪ ਦੀ ਨਵੀਂ ਪ੍ਰਾਇਵੇਸੀ ਨੀਤੀ ਉੱਤੇ ਚਰਚਾ ਲਗਾਤਾਰ ਜਾਰੀ ਹੈ। ਕੰਪਨੀ ਨੇ ਇਸ ਪ੍ਰਾਇਵੇਸੀ ਨੀਤੀ ਨੂੰ ਹੁਣ 15 ਮਈ ਤੱਕ ਟਾਲ ਦਿੱਤਾ ਹੈ। ਇਲੈਕਟ੍ਰੌਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਵੀ ਇਸ ਬਾਰੇ ਚਿੱਠੀ ਲਿਖੀ ਗਈ ਹੈ। ਵ੍ਹਟਸਐਪ ਵੱਲੋਂ ਸਫ਼ਾਈ ਦਿੱਤੀ ਗਈ ਹੈ ਕਿ ਕੰਪਨੀ ਯੂਜ਼ਰਸ ਦੀ ਚੈਟ, ਬਿਜ਼ਨੈੱਸ ਅਕਾਊਂਟ ਦੀ ਚੈਟ ਸਮੇਤ ਕੋਈ ਵੀ ਜਾਣਕਾਰੀ ਕਿਸੇ ਨਾਲ ਸ਼ੇਅਰ ਨਹੀਂ ਕੀਤੀ ਜਾਵੇਗੀ। ਇਸ ਦੌਰਾਨ ਯੂਜ਼ਰਸ ਦੇ ਵਿਚਾਰ ਇਸ ਬਾਰੇ ਜਾਣਨ ਲਈ Local Circles ਨੇ ਸਰਵੇਖਣ ਕੀਤਾ ਹੈ; ਜਿਸ ਮੁਤਾਬਕ ਦੇਸ਼ ਵਿੱਚ 24,000 ਵਿਅਕਤੀਆਂ ਦੇ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ 15 ਫ਼ੀਸਦੀ ਯੂਜ਼ਰਸ ਨੇ ਸੰਕੇਤ ਦਿੱਤਾ ਕਿ ਉਹ ਵ੍ਹਟਸਐਪ ਦੀ ਵਰਤੋਂ ਬੰਦ ਕਰ ਦੇਣਗੇ ਤੇ ਦੂਜੇ ਪਲੇਟਫ਼ਾਰਮਜ਼ ਉੱਤੇ ਚਲੇ ਜਾਣਗੇ। ਇੰਝ ਹੀ 67% ਯੂਜ਼ਰਸ ਨੇ ਕਿਹਾ ਕਿ ਜੇ ਉਹ ਫ਼ੇਸਬੁੱਕ ਤੇ ਕਿਸੇ ਹੋਰ ਤੀਜੀ ਧਿਰ ਨਾਲ ਵ੍ਹਟਸਐਪ ਬਿਜ਼ਨੇਸ ਅਕਾਊਂਟ ਦੀ ਜਾਣਕਾਰੀ ਸਾਂਝੀ ਕਰਦੇ ਹਨ, ਤਾਂ ਉਹ ਬਿਜ਼ਨੈੱਸ ਚੈਟ ਬੰਦ ਕਰ ਦੇਣਗੇ। 91 ਫ਼ੀਸਦੀ ਯੂਜ਼ਰਸ ਅਜਿਹੇ ਵੀ ਸਨ, ਜਿਨ੍ਹਾਂ ਨੇ ਕਿਹਾ ਸੀ ਕਿ ਜੇ ਉਹ ਭੁਗਤਾਨ ਤੇ ਲੈਣ-ਦੇਣ ਦੀ ਜਾਣਕਾਰੀ ਸਾਂਝੀ ਕਰਦੇ ਹਨ, ਤਾਂ ਉਹ ਇਸ ਦੀ ਭੁਗਤਾਨ ਸੇਵਾ ਦੀ ਵਰਤੋਂ ਨਹੀਂ ਕਰਨਗੇ। ਨਵੇਂ ਸਰਵੇਖਣ ’ਚ ਪੰਜ ਫ਼ੀ ਸਦੀ ਭਾਰਤੀਆਂ ਨੇ ਕਿਹਾ ਕਿ ਉਨ੍ਹਾਂ ਨੇ ਆੱਪਸ਼ਨਲ ਐਪ ਭਾਵ ਕੋਈ ਹੋਰ ਐਪ ਡਾਊਨਲੋਡ ਕਰ ਲਏ ਹਨ ਤੇ ਉਨ੍ਹਾਂ ਨੂੰ ਸਰਗਰਮੀ ਨਾਲ ਵਰਤਣਾ ਸ਼ੁਰੂ ਕਰ ਦਿੱਤਾ ਹੈ ਤੇ ਵ੍ਹਟਸਐਪ ਡਿਲੀਟ ਕਰ ਦਿੱਤਾ ਹੈ। 16 ਫ਼ੀ ਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਦੀ ਵਰਤੋਂ ਘਟਾ ਦਿੱਤੀ ਹੈ। 34 ਫ਼ੀਸਦੀ ਯੂਜ਼ਰਸ ਨੇ ਕਿਹਾ ਕਿ ਉਨ੍ਹਾਂ ਦੂਜੀ ਐਪ ਡਾਊਨਲੋਡ ਤਾਂ ਕਰ ਲਈ ਹੈ ਪਰ ਹਾਲੇ ਉਸ ਦੀ ਵਰਤੋਂ ਸਰਗਰਮੀ ਨਾਲ ਨਹੀਂ ਕਰਦੇ।