ਅਜਿਹੇ ਕ੍ਰਿਏਟਰਸ ਦੇ ਲਈ ਖੁਸ਼ਖਬਰੀ ਹੈ ਜਿਨ੍ਹਾਂ ਨੂੰ ਇੱਕ ਵਾਰ YouTube ਤੋਂ ਬੈਨ ਕੀਤਾ ਜਾ ਚੁੱਕਿਆ ਹੈ। ਕੰਪਨੀ ਨੇ ਐਲਾਨ ਕੀਤਾ ਕਿ ਜਿਹੜੇ ਕ੍ਰਿਏਟਰਸ ਨੂੰ ਬੈਨ ਕੀਤਾ ਗਿਆ ਹੈ, ਉਨ੍ਹਾਂ ਨੂੰ ਦੂਜਾ ਮੌਕਾ ਦਿੱਤਾ ਜਾਵੇਗਾ। ਗੂਗਲ ਦੀ ਮਲਕੀਅਤ ਵਾਲੇ ਪਲੇਟਫਾਰਮ ਨੇ ਖੁਲਾਸਾ ਕੀਤਾ ਕਿ ਇਹ ਇੱਕ ਨਵੀਂ ਵਿਸ਼ੇਸ਼ਤਾ ਪੇਸ਼ ਕਰ ਰਿਹਾ ਹੈ ਜੋ ਪਹਿਲਾਂ ਬੈਨ ਹੋ ਚੁੱਕੇ ਕ੍ਰਿੇਟਰਸ ਨੂੰ ਨਵੇਂ ਚੈਨਲ ਲਈ ਅਪਲਾਈ ਕਰਨ ਦਾ ਮੌਕਾ ਦੇਵੇਗਾ। ਦੱਸ ਦਈਏ ਕਿ ਕੰਪਨੀ ਦੇ ਪੁਰਾਣੇ ਨਿਯਮ ਅਜਿਹੇ ਸਨ ਜਿਨ੍ਹਾਂ ਕਰਕੇ ਬੈਨ ਲੱਗ ਜਾਂਦਾ ਸੀ ਪਰ ਹੁਣ ਕੁਝ ਨਿਯਮਾਂ ਵਿੱਚ ਬਦਲਾਅ ਹੋਇਆ ਹੈ।
YouTube ਨੇ ਆਖੀ ਆਹ ਗੱਲ
ਯੂਟਿਊਬ ਨੇ ਆਪਣੇ ਬਲੌਗ ਵਿੱਚ ਲਿਖਿਆ ਕਿ ਬਹੁਤ ਸਾਰੇ ਬੈਨ ਕੀਤੇ ਗਏ ਕ੍ਰਿਏਟਰਸ ਨੂੰ ਦੂਜਾ ਮੌਕਾ ਮਿਲਣਾ ਚਾਹੀਦਾ ਹੈ। ਇਨ੍ਹਾਂ ਕ੍ਰਿਏਟਰਸ ਨੂੰ ਪਲੇਟਫਾਰਮ 'ਤੇ ਦੁਬਾਰਾ ਸ਼ੁਰੂਆਤ ਕਰਨ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਇੱਕ ਨਵਾਂ ਮੌਕਾ ਦਿੱਤਾ ਜਾਵੇਗਾ। ਨਵੀਂ ਵਿਸ਼ੇਸ਼ਤਾ ਦੇ ਤਹਿਤ, ਕੋਵਿਡ-19 ਮਹਾਂਮਾਰੀ ਅਤੇ ਚੋਣਾਂ ਦੌਰਾਨ ਗਲਤ ਜਾਣਕਾਰੀ ਫੈਲਾਉਣ ਲਈ ਬੈਨ ਕੀਤੇ ਗਏ ਕ੍ਰਿਏਟਰਸ ਨੂੰ ਇੱਕ ਨਵਾਂ ਚੈਨਲ ਬਣਾਉਣ ਦਾ ਮੌਕਾ ਦਿੱਤਾ ਜਾਵੇਗਾ। ਹਾਲਾਂਕਿ, ਸਿਰਫ਼ ਉਨ੍ਹਾਂ ਕ੍ਰਿਏਟਰਸ ਨੂੰ ਮੌਕਾ ਮਿਲੇਗਾ, ਜਿਨ੍ਹਾਂ ਦੇ ਚੈਨਲ ਨੂੰ ਬੈਨ ਹੋਇਆਂ 1 ਸਾਲ ਪੂਰਾ ਹੋ ਗਿਆ ਹੈ। ਅਜਿਹੇ ਕ੍ਰਿਏਟਰਸ ਨੂੰ ਆਉਣ ਵਾਲੇ ਦਿਨਾਂ ਵਿੱਚ ਯੂਟਿਊਬ ਸਟੂਡੀਓ ਵਿੱਚ ਇੱਕ ਨਵਾਂ ਚੈਨਲ ਬਣਾਉਣ ਦਾ ਆਪਸ਼ਨ ਮਿਲ ਜਾਵੇਗਾ।
ਅਜਿਹੇ ਕ੍ਰਿਏਟਰਸ ਨੂੰ ਨਹੀਂ ਮਿਲੇਗੀ ਰਾਹਤ
YouTube ਬੈਨ ਕੀਤੇ ਗਏ ਕ੍ਰਿਏਟਰਸ ਨੂੰ ਦੂਜਾ ਮੌਕਾ ਦੇ ਰਿਹਾ ਹੈ, ਪਰ ਨਵੇਂ ਨਿਯਮ ਉਨ੍ਹਾਂ ਕ੍ਰਿਏਟਰਸ ਨੂੰ ਰਾਹਤ ਨਹੀਂ ਦੇਣਗੇ ਜਿਨ੍ਹਾਂ ਦੇ ਚੈਨਲ ਕਾਪੀਰਾਈਟ ਉਲੰਘਣਾ ਅਤੇ ਕ੍ਰਿਏਟਰਸ ਰਿਸਪਾਨਸੀਬਲਿਟੀ ਪਾਲਿਸੀ ਦੀ ਉਲੰਘਣਾ ਕਰਕੇ ਬੈਨ ਸਨ। ਇਸ ਤੋਂ ਇਲਾਵਾ, ਜਿਨ੍ਹਾਂ ਕ੍ਰਿਏਟਰਸ ਨੇ ਪਹਿਲਾਂ ਹੀ ਆਪਣੇ ਚੈਨਲਾਂ ਨੂੰ ਮਿਟਾ ਦਿੱਤਾ ਹੈ, ਉਨ੍ਹਾਂ ਨੂੰ ਨਵੇਂ ਨਿਯਮਾਂ ਦਾ ਲਾਭ ਨਹੀਂ ਮਿਲੇਗਾ।
ਇਹ ਤਾਜ਼ਾ ਫੈਸਲਾ ਉਸ ਟ੍ਰੈਂਡ ਦਾ ਹਿੱਸਾ ਹੈ ਜਿਸ ਵਿੱਚ ਗੂਗਲ ਅਤੇ ਹੋਰ ਕੰਪਨੀਆਂ ਆਪਣੇ ਨਿਯਮਾਂ ਵਿੱਚ ਢਿੱਲ ਦੇ ਰਹੀਆਂ ਹਨ। ਇਨ੍ਹਾਂ ਕੰਪਨੀਆਂ ਨੇ COVID-19 ਮਹਾਂਮਾਰੀ ਅਤੇ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਅਫਵਾਹਾਂ ਅਤੇ ਗਲਤ ਜਾਣਕਾਰੀ ਦੇ ਫੈਲਣ ਨੂੰ ਰੋਕਣ ਲਈ ਆਪਣੇ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਸੀ।