ਆਰਟੀਫ਼ਿਸ਼ਲ ਇੰਟੈਲੀਜੈਂਸ (AI) ਦੀ ਮਦਦ ਨਾਲ ਕਈ ਕਮਾਲ ਹੋ ਚੁੱਕੇ ਹਨ, ਪਰ 55 ਸਾਲ ਦੀ ਸਾਰਾ ਏਜੇਕੀਲ ਨਾਲ ਜੋ ਹੋਇਆ, ਉਹ ਹਕੀਕਤ ਵਿੱਚ ਇੱਕ ਚਮਤਕਾਰ ਤੋਂ ਘੱਟ ਨਹੀਂ। ਏਆਈ ਦੀ ਮਦਦ ਨਾਲ ਸਾਰਾ ਨੇ 25 ਸਾਲ ਪਹਿਲਾਂ ਗੁਆਚੀ ਹੋਈ ਆਪਣੀ ਆਵਾਜ਼ ਮੁੜ ਪ੍ਰਾਪਤ ਕਰ ਲਈ। ਜਿਸ ਤੋਂ ਬਾਅਦ ਲੋਕ ਏਆਈ ਦੀ ਤਾਰੀਫ ਕਰ ਰਹੇ ਹਨ।

ਇਸ ਬਿਮਾਰੀ ਤੋਂ ਪੀੜਤ ਹੋਈ ਸੀ ਮਹਿਲਾ, ਫਿਰ ਚੱਲੀ ਗਈ ਸੀ ਆਵਾਜ਼

ਸਾਰਾ ਏਜੇਕੀਲ ਨੂੰ 25 ਸਾਲ ਪਹਿਲਾਂ ਮੋਟਰ ਨਿਊਰੋਨ ਬਿਮਾਰੀ ਹੋਣ ਦਾ ਪਤਾ ਲੱਗਾ ਸੀ। ਇਸ ਬਿਮਾਰੀ ਵਿੱਚ ਇਨਸਾਨ ਦੇ ਸਰੀਰ ਦੀਆਂ ਨਸਾਂ ਤੇ ਮਾਸਪੇਸ਼ੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਇਸ ਕਰਕੇ ਬੋਲਣ, ਨਿਗਲਣ ਅਤੇ ਤੁਰਨ-ਫਿਰਨ ਵਿੱਚ ਮੁਸ਼ਕਲ ਆਉਣ ਲੱਗਦੀ ਹੈ ਅਤੇ ਹੌਲੀ-ਹੌਲੀ ਆਵਾਜ਼ ਵੀ ਖਤਮ ਹੋ ਜਾਂਦੀ ਹੈ। ਸਾਰਾ ਦੇ ਨਾਲ ਵੀ ਕੁਝ ਅਜਿਹਾ ਹੀ ਹੋਇਆ ਸੀ।

ਹੁਣ ਪਰਿਵਾਰ ਕੋਲੋਂ ਮਿਲੀ ਸਿਰਫ਼ 8 ਸੈਕਿੰਡ ਦੀ ਪੁਰਾਣੀ ਵੀਡੀਓ ਕਲਿੱਪ ਦੀ ਮਦਦ ਨਾਲ, ਏਆਈ ਤਕਨਾਲੋਜੀ ਰਾਹੀਂ ਸਾਰਾ ਦੀ ਗੁੰਮ ਹੋਈ ਆਵਾਜ਼ ਵਾਪਸ ਲਿਆਈ ਗਈ ਹੈ।

ਇਹ ਕੰਮ ਕਿਵੇਂ ਕੀਤਾ ਗਿਆ

ਸਾਰਾ ਦੀ ਜੋ ਪੁਰਾਣੀ ਕਲਿੱਪ ਮਿਲੀ, ਉਸ ਵਿੱਚ ਉਹ ਆਪਣੀ ਧੀ ਨਾਲ ਗੱਲ ਕਰ ਰਹੀ ਸੀ। ਵਿਗਿਆਨੀਆਂ ਨੇ ਉਸ ਕਲਿੱਪ ਵਿੱਚੋਂ ਸਿਰਫ਼ 8 ਸੈਕੰਡ ਦਾ ਆਡੀਓ ਸੈਂਪਲ ਲਿਆ। ਇਸ ਸੈਂਪਲ ਦੀ ਮਦਦ ਨਾਲ ਏਆਈ ਨੂੰ ਟ੍ਰੇਨ ਕੀਤਾ ਗਿਆ।

ਇਸ ਟ੍ਰੇਨਿੰਗ ਰਾਹੀਂ ਏਆਈ ਨੂੰ ਦੱਸਿਆ ਗਿਆ ਕਿ ਸਾਰਾ ਦੀ ਆਵਾਜ਼ ਦੀ ਟੋਨ, ਪਿਚ ਅਤੇ ਬੋਲਣ ਦਾ ਢੰਗ ਕਿਹੋ ਜਿਹਾ ਸੀ। ਇਸ ਆਧਾਰ 'ਤੇ ਏਆਈ ਮਾਡਲ ਨੇ ਇੱਕ ਸਿੰਥੇਟਿਕ ਵੌਇਸ ਤਿਆਰ ਕੀਤੀ। ਇਹ ਆਵਾਜ਼ ਸੁਣਨ ਵਿੱਚ ਬਿਲਕੁਲ ਸਾਰਾ ਏਜੇਕੀਲ ਦੀ ਅਸਲੀ ਆਵਾਜ਼ ਵਰਗੀ ਹੀ ਲੱਗਦੀ ਹੈ।

ਹੁਣ ਆਪਣੀਆਂ ਅੱਖਾਂ ਨਾਲ ਗੱਲ ਕਰਦੀ ਹੈ ਸਾਰਾ

ਹੁਣ ਗੱਲ ਕਰਨ ਲਈ ਸਾਰਾ ਇੱਕ ਖਾਸ ਤਕਨੀਕ ਦੀ ਵਰਤੋਂ ਕਰਦੀ ਹੈ। ਇਸ ਲਈ ਉਹ ਆਪਣੀਆਂ ਅੱਖਾਂ ਨਾਲ ਕੰਪਿਊਟਰ 'ਤੇ ਟਾਈਪ ਕਰਦੀ ਹੈ। ਇਸ ਤੋਂ ਬਾਅਦ ਏਆਈ ਸਾਰਾ ਦੇ ਲਿਖੇ ਸ਼ਬਦਾਂ ਨੂੰ ਉਸਦੀ ਆਪਣੀ ਆਵਾਜ਼ ਵਿੱਚ ਬੋਲ ਦਿੰਦੀ ਹੈ।

ਇਸ ਤਰੀਕੇ ਨਾਲ ਸਾਰਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਪਣੀ ਆਵਾਜ਼ ਵਿੱਚ ਗੱਲਬਾਤ ਕਰ ਸਕਦੀ ਹੈ। ਇਹ ਦਰਸਾਉਂਦਾ ਹੈ ਕਿ ਏਆਈ ਰਾਹੀਂ ਮੈਡੀਕਲ ਖੇਤਰ ਵਿੱਚ ਕਿੰਨੀਆਂ ਸ਼ਾਨਦਾਰ ਉਪਲਬਧੀਆਂ ਸੰਭਵ ਹੋ ਸਕਦੀਆਂ ਹਨ।